ਮਹਾਨ ਕ੍ਰਿਕਟਰ ਹਰਭਜਨ ਸਿੰਘ ਨੂੰ ਗੱਦਾਰ ਕਹਿਣਾ ਨਿੰਦਣਯੋਗ : ਚੀਮਾ
ਮਹਾਨ ਕ੍ਰਿਕਟਰ ਹਰਭਜਨ ਸਿੰਘ ਨੂੰ ਗੱਦਾਰ ਕਹਿਣ ਵਾਲੇ ਆਪ ਆਗੂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ- ਚੀਮਾ
Publish Date: Mon, 27 Apr 2026 06:18 PM (IST)
Updated Date: Mon, 27 Apr 2026 06:22 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਵਿਧਾਨ ਸਭ ਹਲਕਾ ਲੁਧਿਆਣਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦਾ ਸਵਿਧਾਨ ਅਨੁਸਾਰ ਆਪ ਤੋਂ ਦੁਖੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਅਤੇ ਆਪ ਆਗੂਆਂ ਤੇ ਵਲੰਟੀਅਰਾਂ ਵਲੋਂ ਦੇਸ਼ ਦੇ ਮਹਾਨ ਕ੍ਰਿਕਟਰ ਹਰਭਜਨ ਸਿੰਘ ਦੀ ਕੋਠੀ ਦੀਆਂ ਕੰਧਾਂ ’ਤੇ ਗੱਦਾਰ ਲਿਖਣਾ ਅਤੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਨਾਲ ਗੱਦਾਰੀ ਕਰਕੇ ਵਿਧਾਇਕ ਜਾਂ ਮੰਤਰੀ ਬਣੇ ਬੈਠੇ ਹਨ ਅਤੇ ਜਿਹੜੇ ਆਪ ਆਪਣੀ ਮਾਂ ਪਾਰਟੀ ਨਾਲ ਗੱਦਾਰੀ ਕਰ ਚੁੱਕੇ ਹਨ, ਹੁਣ ਦੂਜੀਆਂ ਨੂੰ ਗੱਦਾਰ ਦੱਸ ਰਹੇ ਹਨ। ਉਨ੍ਹਾਂ ਦੋਸ਼ ਲਾਉਂਦੇ ਹੋਏ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਕਿਹੜਾ ਦੁੱਧ ਦੇ ਧੋਤੇ ਹਨ ਅਤੇ ਇਨ੍ਹਾਂ ’ਤੇ ਵੀ ਟਰਾਲੀਆਂ ਚੋਰੀ ਕਰਨ, ਭ੍ਰਿਸ਼ਟਾਚਾਰ ਕਰਨ, ਜ਼ਮੀਨਾਂ ਅਤੇ ਕੋਠੀਆਂ ਤੇ ਕਬਜੇ ਕਰਨ ਇਥੋਂ ਤੱਕ ਕਿ ਮਹਿਲਾਵਾਂ ਨੂੰ ਬਲੈਕ ਮੇਲ ਕਰਨ ਦੇ ਦੋਸ਼ ਲੱਗ ਰਹੇ ਹਨ। ਚੀਮਾ ਨੇ ਪੁੱਛਿਆ ਕਿ ਇਨ੍ਹਾਂ ਦੀਆਂ ਕੋਠੀਆਂ ਦੀਆਂ ਕੰਧਾਂ ਤੇ ਟਰਾਲੀ ਚੋਰ, ਭ੍ਰਿਸ਼ਟਾਚਾਰੀ, ਲੈਂਡ ਮਾਫੀਆ ਆਦਿ ਲਿਖ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਾਪਾਂ ਦਾ ਘੜਾ ਭਰ ਗਿਆ ਹੈ ਅਤੇ ਹੁਣ ਇਨ੍ਹਾਂ ਦਾ ਆਖਰੀ ਸਮਾਂ ਚੱਲ ਰਿਹਾ ਹੈ। ਜਿਓਂ ਜਿਓਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾ ਨੇੜੇ ਆਉਂਦਾ ਜਾਵੇਗਾ, ਤਿਉਂ ਤਿਉਂ ਆਪ ਆਗੂਆਂ ਦੇ ਸਤਾਏ ਹੋਏ ਪੰਜਾਬ ਵਾਸੀ ਇਨ੍ਹਾਂ ਦੀਆਂ ਪੋਲਾਂ ਖੋਲਦੇ ਹੋਏ ਨਜਰ ਆਉਣਗੇ ਅਤੇ ਚੋਣ ਜਾਬਤਾ ਲੱਗਣ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਹਿਣ ਅਨੁਸਾਰ ਕਿ ਡੱਲਾ ਤੋਂ ਡੱਲਾ ਹੈ, ਕਿਧਰ ਦੇ ਚੱਲਾ ਹੈ ਵੋਟਾਂ ਮੰਗਣ ਗਏ ਆਪ ਆਗੂਆਂ ਦੇ ਡੱਲੇ ਪੈਣਗੇ। ਚੀਮਾ ਨੇ ਕਿਹਾ ਕਿ ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜ੍ਹਦੀ ਦੀ ਕਹਾਵਤ ਅਨੁਸਾਰ ਹੁਣ ਪੰਜਾਬ ਵਾਸੀ ਇਨ੍ਹਾਂ ਕਥਿਤ ਭੰਡਾ ਦੇ ਚੁਟਕਲਿਆਂ ਵਿਚ ਆਉਣ ਵਾਲੇ ਨਹੀਂ ਅਤੇ ਹੁਣ ਉਹ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਦਾ ਮਨ ਬਣਾਈ ਬੈਠੇ ਹਨ। ਜੋਕਿ ਪੰਜਾਬ ਵਿੱਚ ਸਰਬਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ।