ਭ੍ਰਿਸ਼ਟਾਚਾਰ, ਝੂਠੇ ਵਾਅਦੇ ਤੇ ਗੁੰਡਾਗਰਦੀ ’ਚ ਘਿਰੀ ਸਰਕਾਰ : ਦੇਬੀ
ਭ੍ਰਿਸ਼ਟਾਚਾਰ, ਝੂਠੇ ਵਾਅਦੇ ਅਤੇ ਗੁੰਡਾਗਰਦੀ ‘ਚ ਘਿਰੀ ‘ਆਪ’ ਸਰਕਾਰ–ਦੇਬੀ
Publish Date: Sun, 10 May 2026 06:48 PM (IST)
Updated Date: Mon, 11 May 2026 04:09 AM (IST)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਭਾਜਪਾ ਪੰਜਾਬ ਦੇ ਖਜਾਨਚੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ, ਮਾੜਾ ਪ੍ਰਸ਼ਾਸਨ ਅਤੇ ਲੋਕ ਵਿਰੋਧੀ ਨੀਤੀਆਂ ਵਿੱਚ ਵੱਡਾ ਵਾਧਾ ਹੋਇਆ ਹੈ, ਜਿਸ ਕਾਰਨ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਦੇਬੀ ਨੇ ਕਿਹਾ ਕਿ ਭ੍ਰਿਸ਼ਟ ਅਫਸਰਾਂ ਅਤੇ ਮੰਤਰੀਆਂ ‘ਤੇ ਹੋ ਰਹੀਆਂ ਜਾਂਚਾਂ ਅਤੇ ਕਾਰਵਾਈਆਂ ਕਾਰਨ ‘ਆਪ’ ਸਰਕਾਰ ਬੁਖਲਾਹਟ ਵਿੱਚ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਵਿਰੋਧੀ ਧਿਰਾਂ ‘ਤੇ ਬੇਬੁਨਿਆਦ ਅਤੇ ਪੱਖਪਾਤੀ ਦੋਸ਼ ਲਗਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਆਗੂ ਆਪਣੇ ਆਪ ਨੂੰ ਪਾਕ-ਸਾਫ ਦਿਖਾਉਣ ਲਈ ਸਿਆਸੀ ਨਾਟਕਬਾਜ਼ੀ ਕਰ ਰਹੇ ਹਨ, ਜਦਕਿ ਹਕੀਕਤ ਵਿੱਚ ਪੰਜਾਬ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਡਗਮਗਾ ਚੁੱਕਾ ਹੈ। ਭਾਜਪਾ ਆਗੂ ਨੇ ਅੱਜ ‘ਆਪ’ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਦੇ ਘਰ ਸੀਬੀਆਈ ਰੇਡ ਮਾਮਲੇ ਨੂੰ ਲੈ ਕੇ ਭਾਜਪਾ ਖਿਲਾਫ ਕੀਤੇ ਗਏ ਪ੍ਰਦਰਸ਼ਨਾਂ ਅਤੇ ਹੰਗਾਮੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਅਤੇ ਦਬਾਅ ਦੀ ਰਾਜਨੀਤੀ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ। ਦੇਬੀ ਨੇ ਕਿਹਾ ਕਿ ‘ਆਪ’ ਦੇ ਆਗੂ ਜਾਂਚ ਏਜੰਸੀਆਂ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਕੇ ਆਪਣੀ ਬੇਚੈਨੀ ਅਤੇ ਡਰ ਨੂੰ ਜਾਹਿਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ‘ਆਪ’ ਸਰਕਾਰ ਦੀ ਅਸਲੀਅਤ ਨੂੰ ਸਮਝ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕ ਇਸ ਸਰਕਾਰ ਨੂੰ ਇਸ ਦੀਆਂ ਨਾਕਾਮੀਆਂ ਅਤੇ ਝੂਠੀ ਰਾਜਨੀਤੀ ਦਾ ਕਰਾਰਾ ਜਵਾਬ ਦੇਣਗੇ।