ਸਮਰਾਲਾ ਦੇ ਵਾਰਡ ਨੰਬਰ ਦੋ ਤੋਂ ਆਪ ਦੇ ਉਮੀਦਵਾਰ ਸਤਵੀਰ ਸੇਖੋਂ ਦੀ ਨਾਮਜ਼ਦਗੀ ਰੱਦ
ਸਮਰਾਲਾ ਦੇ ਵਾਰਡ ਨੰਬਰ ਦੋ ਤੋਂ ਆਪ ਦੇ ਉਮੀਦਵਾਰ ਸਤਵੀਰ ਸੇਖੋਂ ਦੀ ਨਾਮਜਦਗੀ ਹੋਈ ਰੱਦ
Publish Date: Mon, 25 May 2026 07:58 PM (IST)
Updated Date: Tue, 26 May 2026 04:11 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਅੱਜ 26 ਮਈ ਨੂੰ ਸਮਰਾਲਾ ਵਿਖੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਮਾਣਯੋਗ ਹਾਈਕੋਰਟ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵੀਰ ਸਿੰਘ ਸੇਖੋਂ ਵੱਲੋਂ ਕੌਂਸਲਰ ਦੀ ਚੋਣ ਲੜਨ ਲਈ ਭਰੀ ਗਈ ਨਾਮਜਦਗੀ ਨੂੰ ਰੱਦ ਕਰਕੇ ਆਮ ਆਦਮੀ ਪਾਰਟੀ ਨੂੰ ਇੱਕ ਤਗੜਾ ਝਟਕਾ ਦਿੱਤਾ ਹੈ।ਵਾਰਡ ਨੰਬਰ ਦੋ ਤੋਂ ਸਤਵੀਰ ਸਿੰਘ ਸੇਖੋਂ ਦੇ ਮੁਕਾਬਲੇ ਵਿੱਚ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਦੇ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਉਨ੍ਹਾਂ ਵੱਲੋਂ ਸਤਵੀਰ ਸਿੰਘ ਸੇਖੋਂ ਦੇ ਚੋਣ ਤੇ ਰੋਕ ਲੱਗੀ ਹੋਣ ਦੇ ਬਾਵਜੂਦ ਵੀ ਸੇਖੋਂ ਵੱਲੋਂ ਨਾਮਜ਼ਦਗੀ ਭਰਨ ਖ਼ਿਲਾਫ਼ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੇਖੋਂ ਵੱਲੋਂ ਚੋਣ ਲੜੇ ਜਾਣ ਨੂੰ ਸਿੱਧੀ ਚੁਣੌਤੀ ਦਿੱਤੀ ਸੀ। ਮਾਣਯੋਗ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਸਮਰਾਲਾ ਦੀ ਐੱਸਡੀਐੱਮ ਕੰਮ ਰਿਟਰਨਿੰਗ ਅਫਸਰ ਨੂੰ ਹਾਈਕੋਰਟ ਵਿੱਚ ਤਲਬ ਕਰਕੇ ਇਸ ਸਬੰਧੀ ਜਵਾਬ ਮੰਗਿਆ ਸੀ, ਜ਼ਿਕਰਯੋਗ ਹੈ ਕਿ ਸਤਬੀਰ ਸਿੰਘ ਸੇਖੋਂ ਦੇ ਖ਼ਿਲਾਫ਼ 2022 ਵਿੱਚ ਅਦਾਲਤ ਵੱਲੋਂ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਕੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਦੇ ਉਸ ਫੈਸਲੇ ਤੋਂ ਬਾਅਦ ਸਤਵੀਰ ਸਿੰਘ ਸੇਖੋਂ ਚੋਣ ਨਹੀਂ ਲੜ ਸਕਦੇ ਸੀ ਜਿਸ ਕਰਕੇ ਸਤਵੀਰ ਸਿੰਘ ਸੇਖੋਂ ਨੇ ਪਿਛਲੇ ਹਫਤੇ 15 ਮਈ ਨੂੰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹਾਈਕੋਰਟ ਕੋਲੋਂ ਚੋਣ ਲੜਨ ਦੀ ਇਜਾਜ਼ਤ ਮੰਗੀ ਸੀ ਪਰ ਹਾਈਕੋਰਟ ਨੇ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਪਟੀਸ਼ਨ ਖ਼ਾਰਜ ਹੋਣ ਦੇ ਬਾਵਜੂਦ ਵੀ ਸੇਖੋਂ ਵੱਲੋਂ ਵਾਰਡ ਨੰਬਰ 2 ਤੋਂ ਕੌਂਸਲਰ ਦੀ ਚੋਣ ਲੜਨ ਲਈ ਖੁਦ ਦੇ ਕਾਗਜ ਭਰੇ ਗਏ ਸੀ ਜੋ ਵਿਰੋਧੀ ਪਾਰਟੀ ਦੇ ਉਮੀਦਵਾਰ ਵੱਲੋਂ ਪਟੀਸ਼ਨ ਦਾਇਰ ਕਰਨ ਕਰਕੇ ਸਿਰੇ ਨਹੀਂ ਚੜ੍ਹ ਸਕੇ। ਅੱਜ ਐੱਸਡੀਐੱਮ ਕੰਮ ਰਿਟਰਨਿੰਗ ਅਫਸਰ ਨੇ ਹਾਈਕੋਰਟ ਵਿੱਚ ਪੇਸ਼ ਹੋ ਕੇ ਦੱਸਿਆ ਕਿ ਵਾਰਡ ਨੰਬਰ ਦੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵੀਰ ਸਿੰਘ ਸੇਖੋਂ ਦੀ ਨਾਮਜ਼ਦਗੀ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਮਾਣਯੋਗ ਹਾਈਕੋਰਟ ਵੱਲੋਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ। ਇਸ ਨਿਪਟਾਰੇ ਦੇ ਨਾਲ ਹੀ ਹੁਣ ਵਾਰਡ ਨੰਬਰ ਦੋ ਵਿੱਚ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੇ ਤਿੰਨ ਉਮੀਦਵਾਰਾਂ ਵਿੱਚ ਤਿਕੋਨਾ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ ਅਤੇ ਆਮ ਆਦਮੀ ਪਾਰਟੀ ਵਾਰਡ ਨੰਬਰ ਦੋ ਦੇ ਚੋਣ ਮੁਕਾਬਲੇ ਵਿੱਚੋਂ ਬਾਹਰ ਹੋ ਗਈ ਹੈ।ਇਸ ਮਾਮਲੇ ਸਬੰਧੀ ਸਤਵੀਰ ਸਿੰਘ ਸੇਖੋਂ ਦਾ ਪੱਖ ਜਾਣਨ ਲਈ ਜਦੋਂ ਸੇਖੋਂ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਰ- ਬਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ।