‘ਆਪ’ ’ਤੇ ਕਾਂਗਰਸ ਉਮੀਦਵਾਰ ਦੇ ਰਿਸ਼ਤੇਦਾਰ ਨੂੰ ਧਮਕਾਉਣ ਦੇ ਦੋਸ਼
‘ਆਪ’ ’ਤੇ ਕਾਂਗਰਸ ਉਮੀਦਵਾਰ ਦੇ ਰਿਸ਼ਤੇਦਾਰ ਨੂੰ ਧਮਕਾਉਣ ਦੇ ਦੋਸ਼
Publish Date: Mon, 25 May 2026 09:26 PM (IST)
Updated Date: Tue, 26 May 2026 04:14 AM (IST)
ਸੁਸ਼ੀਲ ਵਰਮਾ, ਪੰਜਾਬੀ ਜਾਗਰਣ,
ਰਾਏਕੋਟ : ਅੱਜ 26 ਮਈ ਨੂੰ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ, ਪਰ ਰਾਏਕੋਟ ਵਿੱਚ ਚੋਣਾਂ ਤੋਂ ਠੀਕ ਇੱਕ ਦਿਨ ਪਹਿਲਾਂ ਜੈਨ ਸਮਾਜ ਵਿੱਚ ਸਿਆਸਤ ਗਰਮਾ ਗਈ ਹੈ। ਅੱਜ ਸਭ ਤੋਂ ਪਹਿਲਾਂ ਐੱਸ.ਐੱਸ. ਜੈਨ ਸਭਾ ਦੇ ਪ੍ਰਧਾਨ ਗੌਰਵ ਜੈਨ ਨੇ ਇੱਕ ਸੋਸ਼ਲ ਮੀਡੀਆ ਮੈਸੇਜ ਰਾਹੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉੱਪਰ ਸਰੇਆਮ ਗੁੰਡਾਗਰਦੀ ਦੇ ਦੋਸ਼ ਲਗਾਏ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਰਿਸ਼ਤੇਦਾਰ ਸੰਦੀਪ ਜੈਨ ਰਿੰਕਾ ਦੀ ਦੁਕਾਨ ’ਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਉਨ੍ਹਾਂ ਨੂੰ ਧਮਕੀਆਂ ਦੇ ਗਏ ਅਤੇ ਹੱਥਾਪਾਈ ਵੀ ਕੀਤੀ। ਇਸ ਸੋਸ਼ਲ ਮੀਡੀਆ ਮੈਸੇਜ ਵਿੱਚ ਗੌਰਵ ਜੈਨ ਅਤੇ ਹੋਰ ਸਮਰਥਕਾਂ ਨੇ ਅਵੰਤ ਜੈਨ (ਜੈਨ ਸਮਾਜ ਦੇ ਕੱਦਾਵਰ ਆਗੂ) ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਵਾਰਡ ਨੰਬਰ 9 ਵਿੱਚ ਕਾਂਗਰਸੀ ਹੋਣ ਦੇ ਬਾਵਜੂਦ ਉਲਟ ਚੱਲ ਰਹੇ ਹਨ, ਜਦਕਿ ਹੋਰ ਥਾਵਾਂ ’ਤੇ ਕਾਂਗਰਸ ਦੇ ਸਮਰਥਕ ਹਨ। ਇਸ ਮਾਮਲੇ ਨੂੰ ਲੈ ਕੇ ਜੈਨ ਸਮਾਜ ਦੀ ਸਿਆਸਤ ਗਰਮਾ ਗਈ। ਅਵੰਤ ਜੈਨ ਨੇ ਵੱਡੀ ਗਿਣਤੀ ਵਿੱਚ ਜੈਨ ਸਮਾਜ ਦੇ ਲੋਕਾਂ ਨੂੰ ਇਕੱਠਾ ਕਰਕੇ ਦੱਸਿਆ ਕਿ ਉਨ੍ਹਾਂ ਉੱਪਰ ਗਲਤ ਦੋਸ਼ ਲਗਾਏ ਜਾ ਰਹੇ ਹਨ।
ਜੈਨ ਸਮਾਜ ਦੇ ਹੋਰ ਆਗੂਆਂ ਨੇ ਇਸ ਦਾ ਨੋਟਿਸ ਲੈਂਦੇ ਹੋਏ ਗੌਰਵ ਜੈਨ ਦਾ ਬਾਈਕਾਟ ਕੀਤਾ, ਜਦਕਿ ਵਾਰਡ ਨੰਬਰ 9 ਦੀ ਉਮੀਦਵਾਰ ਆਸ਼ੂ ਜੈਨ ਨੂੰ ਵੀ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ। ਇਸ ਮੌਕੇ ਜੈਨ ਸਮਾਜ ਦੇ ਹੋਰ ਆਗੂ ਅਮਿਤ ਜੈਨ ਨੇ ਕਿਹਾ ਕਿ ਗੌਰਵ ਜੈਨ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਜੈਨ ਸਮਾਜ ਅਤੇ ਗੁਰੂਜੀ ਦਾ ਅਪਮਾਨ ਕੀਤਾ ਹੈ ਅਤੇ ਜੈਨ ਸਮਾਜ ਦੇ ਹੀ ਪ੍ਰਤਿਸ਼ਠਿਤ ਵਿਅਕਤੀ ਅਵੰਤ ਜੈਨ ਉੱਪਰ ਗਲਤ ਅਤੇ ਗੰਭੀਰ ਦੋਸ਼ ਲਗਾਏ ਹਨ, ਜਿਸ ਕਾਰਨ ਅੱਜ ਸਾਰਾ ਜੈਨ ਸਮਾਜ ਵਿਰੋਧ ਦੇ ਰੂਪ ਵਿੱਚ ਇੱਕਜੁੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਨਤੀਜਾ 29 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ’ਚ ਵੇਖਣ ਨੂੰ ਮਿਲੇਗਾ। ਇਸ ਮੌਕੇ ਰਾਜਪਾਲ ਜੈਨ, ਕੀਮਤੀ ਲਾਲ ਜੈਨ, ਬਬਲੀ ਜੈਨ, ਸ਼ਸ਼ੀ ਜੈਨ, ਭੂਸ਼ਣ ਜੈਨ, ਸ਼ਾਂਤੀ ਸਰੂਪ ਜੈਨ, ਵਿਪੁਲ ਜੈਨ, ਗਗਨ ਜੈਨ, ਰਵੀ ਜੈਨ, ਵਿਨੈ ਜੈਨ, ਟੀਕਾ ਜੈਨ, ਸੁਨੀਲ ਜੈਨ, ਸੁਸ਼ੀਲ ਜੈਨ, ਅਮਿਤ ਜੈਨ, ਤਰਸੇਮ ਲਾਲ ਜੈਨ, ਪਦਮ ਜੈਨ, ਵਰੁਣ ਜੈਨ, ਅਕਸ਼ਤ ਜੈਨ, ਪਾਰਸ ਜੈਨ, ਨੀਲੂ ਜੈਨ, ਮਨੋਜ ਜੈਨ, ਵਿਕੀ ਜੈਨ, ਹਿਤੇਸ਼ ਜੈਨ, ਰਾਜਿੰਦਰ ਜੈਨ, ਰੋਮੀ ਜੈਨ, ਪੰਕਜ ਜੈਨ, ਬਿਨੂ ਜੈਨ, ਮੀਕਾ ਜੈਨ ਅਤੇ ਬਿੱਲੂ ਜੈਨ ਹਾਜ਼ਰ ਸਨ।