Farmer's Protest : ਕਿਸਾਨੀ ਅੰਦੋਲਨ ’ਚੋਂ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ’ਚ ਹਿੱਸਾ ਲੈਣ ਉਪਰੰਤ ਵਾਪਸ ਆ ਰਹੇ ਪਿੰਡ ਜਾਂਗਪੁਰ ਦੇ ਨੌਜਵਾਨ ਮਜਦੂਰ ਹਰਮਿੰਦਰ ਸਿੰਘ (31 ਸਾਲ) ਪੁੱਤਰ ਮੱਘਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਕਾਰਣ ਮਿ੍ਤਕ ਦੇ ਜੱਦੀ ਪਿੰਡ ਜਾਂਗਪੁਰ ਵਿਖੇ ਸੋਗ ਦੀ ਲਹਿਰ ਦੌੜ ਗਈ।
Publish Date: Tue, 22 Dec 2020 07:07 PM (IST)
Updated Date: Wed, 23 Dec 2020 08:45 AM (IST)

ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ: ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ’ਚ ਹਿੱਸਾ ਲੈਣ ਉਪਰੰਤ ਵਾਪਸ ਆ ਰਹੇ ਪਿੰਡ ਜਾਂਗਪੁਰ ਦੇ ਨੌਜਵਾਨ ਮਜਦੂਰ ਹਰਮਿੰਦਰ ਸਿੰਘ (31 ਸਾਲ) ਪੁੱਤਰ ਮੱਘਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਕਾਰਣ ਮਿ੍ਤਕ ਦੇ ਜੱਦੀ ਪਿੰਡ ਜਾਂਗਪੁਰ ਵਿਖੇ ਸੋਗ ਦੀ ਲਹਿਰ ਦੌੜ ਗਈ।
ਮਿ੍ਤਕ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ 26 ਨਵੰਬਰ ਨੂੰ ਆਪਣੇ 4 ਹੋਰ ਸਾਥੀਆਂ ਨਾਲ ਮੋਟਰਸਾਈਕਲਾਂ ’ਤੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਅਜੇ ਦੋ ਦਿਨ ਪਹਿਲਾਂ ਹੀ ਪਿੰਡ ਆ ਗਿਆ ਸੀ ਅਤੇ ਦੁਬਾਰਾ ਫਿਰ ਲੱਕੜਾਂ ਦੀ ਗੱਡੀ ਭਰ ਕੇ ਆਪਣੇ ਸਾਥੀਆਂ ਸਮੇਤ ਦਿੱਲੀ ਅੰਦੋਲਨ ਵਿੱਚ ਪੁੱਜ ਗਿਆ ਅਤੇ 21 ਦਸੰਬਰ ਨੂੰ ਉਹ ਆਪਣੇ ਸਾਥੀਆਂ ਸਮੇਤ ਦਿੱਲੀ ਤੋਂ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਜਦੋਂ ਉਹ ਧਨੌਲਾ (ਬਰਨਾਲਾ ) ਨੇੜੇ ਪੁੱਜੇ ਤਾਂ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਉਹਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤਾਂ ਹਰਮਿੰਦਰ ਸਿੰਘ ਅਤੇ ਉਸਦੇ ਪਿੱਛੇ ਬੈਠਾ ਉਸਦਾ ਸਾਥੀ ਗੋਰਾ ਦੋਵੇਂ ਹੇਠਾਂ ਡਿੱਗ ਪਏ ਸਿੱਟੇ ਵੱਜੋਂ ਹਰਮਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸਦਾ ਸਾਥੀ ਫੱਟੜ ਹੋ ਗਿਆ।
ਮਿ੍ਤਕ ਦੋ ਬੱਚਿਆਂ ਦਾ ਪਿਤਾ ਸੀ ਅਤੇ ਵੈਲਡਿੰਗ ਦਾ ਕੰਮ ਕਰਦਾ ਸੀ । ਜਿਸਦਾ ਅੱਜ ਸਸਕਾਰ ਨਹੀਂ ਹੋ ਸਕਿਆ। ਪਤਾ ਲੱਗਾ ਹੈ ਕਿ ਆਰਥਿਕ ਪੱਖ ਤੋਂ ਕਾਫੀ ਕਮਜ਼ੋਰ ਹੋਣ ਕਾਰਨ ਕਿਸਾਨ ਜੱਥੇਬੰਦੀਆਂ ਮਿ੍ਤਕ ਦੇ ਪਰਿਵਾਰ ਨੂੰ ਸਸਕਾਰ ਤੋਂ ਪਹਿਲਾਂ ਮੁਆਵਜ਼ਾ ਦਿਵਾਉਣ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਵਿੱਚ ਲੱਗੀਆਂ ਹੋਈਆਂ ਸਨ।