ਲੁਧਿਆਣਾ ’ਚ ਮੋਟਰਸਾਈਕਲ ਚੋਰੀਆਂ ਦਾ ਸਿਲਸਿਲਾ ਜਾਰੀ, ਵੱਖ-ਵੱਖ ਥਾਵਾਂ ਤੋਂ 3 ਵਾਹਨ ਗਾਇਬ
ਲੁਧਿਆਣਾ ਵਿੱਚ ਮੋਟਰਸਾਈਕਲ ਚੋਰੀਆਂ ਦਾ ਸਿਲਸਿਲਾ ਜਾਰੀ, ਵੱਖ-ਵੱਖ ਥਾਵਾਂ ਤੋਂ 3 ਵਾਹਨ ਗਾਇਬ
Publish Date: Tue, 28 Apr 2026 06:01 PM (IST)
Updated Date: Tue, 28 Apr 2026 06:04 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਸ਼ਹਿਰ ਵਿਚ ਵਾਹਨ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਿਆਂ ਵਿਚ ਵੱਖ-ਵੱਖ ਇਲਾਕਿਆਂ ਤੋਂ ਤਿੰਨ ਮੋਟਰਸਾਈਕਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਸ਼ਿਕਾਇਤਕਰਤਾਵਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ‘ਤੇ ਥਾਣਿਆਂ ਵੱਲੋਂ ਮਾਮਲੇ ਦਰਜ ਕਰ ਕੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਿੰਡ ਭੱਟੀਆਂ ਦੇ ਵਾਸੀ ਕੇਵਲ ਰਾਮ ਨੇ ਦੱਸਿਆ ਕਿ ਬੀਤੇ ਦਿਨੀਂ ਦੁਪਹਿਰ ਕਰੀਬ 12 ਵਜੇ ਆਪਣੇ ਮੋਟਰਸਾਈਕਲ ਨੂੰ ਘੰਟਾ ਘਰ ਨੇੜੇ ਪੁਲ ਹੇਠਾਂ ਖੜਾ ਕਿਸੇ ਕੰਮ ਲਈ ਚੌੜਾ ਬਾਜ਼ਾਰ ਸੀ। ਕੇਵਲ ਰਾਮ ਨੇ ਕੁਝ ਸਮੇਂ ਬਾਅਦ ਵਾਪਸ ਆ ਕੇ ਦੇਖਿਆ ਤਾਂ ਮੋਟਰਸਾਈਕਲ ਗਾਇਬ ਸੀ। ਉਸਨੇ ਦੱਸਿਆ ਕਿ ਉਸੇ ਦਿਨ ਉਸੇ ਇਲਾਕੇ ‘ਚ ਇਕ ਹੋਰ ਵਿਅਕਤੀ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਸੀ। ਇਕ ਹੋਰ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸੀਤਾ ਨਗਰ ਇਲਾਕੇ ਦੇ ਵਾਸੀ ਜਤਿਨ ਸਿੰਘ ਨੇ ਦੱਸਿਆ ਕਿ ਉਸਨੇ ਬੀਤੇ ਦਿਨੀ ਨੂੰ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਕੁੱਝ ਸਮੇਂ ਬਾਅਦ ਉਹ ਜਦ ਘਰ ਚੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਕ ਹੋਰ ਮਾਮਲੇ ਵਿਚ ਥਾਣਾ ਮੋਤੀ ਨਗਰ ਗੁਰੂ ਨਾਨਕ ਨਗਰ ਦੇ ਵਾਸੀ ਕਪਿਲ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਟਰਾਂਸਪੋਰਟ ਨਗਰ ਵਿਚ ਇਕ ਕਾਰਗੋ ਸਰਵਿਸ ਦਫ਼ਤਰ ਦੇ ਬਾਹਰ ਲਾਕ ਕਰਕੇ ਖੜ੍ਹਾ ਕਰ ਗਿਆ ਸੀ। ਕੁਝ ਸਮੇਂ ਬਾਅਦ ਵਾਪਸ ਆ ਕੇ ਦੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਨ੍ਹਾਂ ਤਿੰਨਾਂ ਮਾਮਲਿਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੁਧਿਆਣਾ ਵਿਚ ਵਾਹਨ ਚੋਰੀ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਖਾਸ ਕਰ ਕੇ ਭੀੜ-ਭਾੜ ਵਾਲੇ ਅਤੇ ਰਹਾਇਸ਼ੀ ਇਲਾਕਿਆਂ ‘ਚ ਵੀ ਚੋਰ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੁਲਿਸ ਵੱਲੋਂ ਜਾਂਚ ਜਾਰੀ ਹੈ, ਪਰ ਲੋਕਾਂ ਨੂੰ ਵੀ ਆਪਣੇ ਵਾਹਨਾਂ ਦੀ ਸੁਰੱਖਿਆ ਲਈ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਫਿਲਹਾਲ ਥਾਣਾ ਕੋਤਵਾਲੀ, ਥਾਣਾ ਡਿਵੀਜ਼ਨ ਨੰਬਰ ਪੰਜ ਅਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਵੱਖ-ਵੱਖ ਤਿੰਨ ਮੁਕਦਮੇ ਦਰਜ ਕਰ ਕੇ ਮਾਮਲਿਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਾਹਨ ਚੋਰਾਂ ਦੀ ਤਲਾਸ਼ ਕਰਨ ਲਈ ਵਾਰਦਾਤ ਵਾਲੀਆਂ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿਚ ਜੁਟੀ ਹੋਈ ਹੈ।