ਛੇ ਸੰਘਰਸ਼ੀਲ ਅਧਿਆਪਕ ਜਥੇਬੰਦੀਆਂ ਨੇ ਡੀਸੀ ਲੁਧਿਆਣਾ ਨੂੰ ਦਿੱਤਾ ਮੰਗ ਪੱਤਰ
ਛੇ ਸੰਘਰਸ਼ੀਲ ਅਧਿਆਪਕ ਜਥੇਬੰਦੀਆਂ ਦੇ ਝੰਡੇ ਹੇਠ ਅਧਿਆਪਕ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੱਤਾ ਮੰਗ ਪੱਤਰ
Publish Date: Wed, 06 May 2026 08:15 PM (IST)
Updated Date: Thu, 07 May 2026 04:15 AM (IST)

ਪੀ 05 : ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੱਤਾ ਮੰਗ ਪੱਤਰ ਦੇਣ ਸਮੇਂ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਤੇ ਹੋਰ। ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਲੰਬੇ ਸਮੇਂ ਤੋਂ ਲਟਕ ਰਹੀਆਂ ਅਧਿਆਪਕ ਮੰਗਾਂ ਨੂੰ ਹੱਲ ਕਰਵਾਉਣ ਲਈ ਛੇ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵੱਲੋਂ ਸਾਂਝਾ ਥੜਾ ਉਸਾਰ ਕੇ ਆਪਣੀਆਂ ਮੰਗਾਂ ਲਈ ਤਿੱਖਾ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤਹਿਤ ਅੱਜ ਉਕਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਅਧਿਆਪਕ ਮੰਗਾਂ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਗਈ। ਇਸ ਸਮੇਂ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰ ਫਰੰਟ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ,ਸਕੱਤਰ ਹਰਜੀਤ ਸਿੰਘ ਡੀ.ਟੀ.ਐਫ.ਦੇ ਸੀਨੀਅਰ ਆਗੂ ਜੋਗਿੰਦਰ ਆਜ਼ਾਦ,ਬਲਾਕ ਪ੍ਰਧਾਨ ਲੁਧਿਆਣਾ ਅਰਵਿੰਦਰ ਭੰਗੂ,ਹਰਪਿੰਦਰ ਸ਼ਾਹੀ,ਮੈਰੀਟੋਰੀਅਸ ਟੀਚਰ ਯੂਨੀਅਨ ਤੋਂ ਲਖਵੀਰ ਸਿੰਘ ਹਲਵਾਰਾ, 3704 ਅਧਿਆਪਕ ਯੂਨੀਅਨ ਵੱਲੋਂ ਗੁਰਤੇਜ ਸਿੰਘ ਮੰਡੇਰ, ਈਟੀਟੀ 6635 ਅਧਿਆਪਕ ਯੂਨੀਅਨ ਤੋਂ ਸੁਰਿੰਦਰ ਸਿੰਘ ਜਗਦੀਪ ਮਾਛੀਵਾੜਾ, 2392 ਅਧਿਆਪਕ ਯੂਨੀਅਨ ਵੱਲੋਂ ਕਰਨਦੀਪ ਸਿੰਘ, 4161 ਅਧਿਆਪਕ ਯੂਨੀਅਨ ਵੱਲੋਂ ਮਨਪ੍ਰੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਅਧਿਆਪਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਖੜੀਆਂ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਚਾਰ ਸਾਲ ਬੀਤਣ ਤੇ ਵੀ ਪੂਰਾ ਨਹੀਂ ਕੀਤਾ ਗਿਆ ਸਗੋਂ ਇਹਨਾਂ ਮੰਗਾਂ ਤੋਂ ਲਗਾਤਰ ਕਿਨਾਰਾ ਕੀਤਾ ਹੋਇਆ ਹੈ। ਜਿੰਨਾ ਵਿੱਚ 3704,2392,6635 ਅਤੇ 4161 ਭਰਤੀਆਂ ਦੀਆਂ ਰੀਕਾਸਟ ਲਿਸਟਾਂ ਜਾਰੀ ਹੋਣ ਉਪਰੰਤ ਮੈਰਿਟ ਲਿਸਟਾਂ ਵਿੱਚੋਂ ਬਾਹਰ ਹੋਏ ਅਧਿਆਪਕਾਂ ਨੂੰ ਮੈਰਿਟ ਲਿਸਟਾਂ ਵਿੱਚ ਸ਼ਾਮਿਲ ਕਰਨ,17 ਜੁਲਾਈ 2020 ਤੋਂ ਬਾਅਦ ਭਰਤੀ ਸਮੂਹ ਅਧਿਆਪਕਾਂ ਤੇ ਪੰਜਾਬ ਦਾ ਪੇ ਸਕੇਲ ਲਾਗੂ ਕਰਨ,ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੀਆਂ ਅਸਾਮੀਆਂ ਦੀ ਸਮੂਹ ਸਕੂਲਾਂ ਵਿੱਚ ਬਰਾਬਰ ਵੰਡ ਕਰਕੇ ਬਦਲੀਆਂ ਲਈ ਮੌਕਾ ਦੇਣ,ਪੁਰਾਣੀ ਪੈਨਸ਼ਨ ਬਹਾਲ ਕਰਨ,ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਕੰਪਿਊਟਰ ਅਧਿਆਪਕਾਂ ਅਤੇ ਐਨ.ਐਸ.ਕਿਊ.ਐਫ. ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ,ਬਾਰਡਰ ਏਰੀਆ ਭੱਤਾ ਅਤੇ ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਬੰਦ ਕੀਤੇ ਭੱਤੇ ਬਹਾਲ ਕਰਨ,ਏਸੀਪੀ ਸਕੀਮ 3-7-11-15 ਸਾਲਾਂ ਤੁਰੰਤ ਬਹਾਲ ਕਰਨ,ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ,01-01-2016 ਤੋਂ ਪੇ ਕਮਿਸ਼ਨ ਦਾ ਬਕਾਇਆ ਤੁਰੰਤ ਜਾਰੀ ਕਰਨ,ਸਮੂਹ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ,ਨਵੀਂ ਸਿੱਖਿਆ ਨੀਤੀ 2020 ਰੱਦ ਕਰਨ ਅਤੇ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ ਜਿਹੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਸਾਢੇ ਚਾਰ ਸਾਲ ਦਾ ਸਮਾਂ ਬੀਤਣ ਤੋਂ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਧਿਆਪਕਾਂ ਸਮੇਤ ਸਮੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਕੇ ਮੁਲਾਜ਼ਮ ਵਿਰੋਧੀ ਚਿਹਰਾ ਸਾਹਮਣੇ ਲਿਆਂਦਾ ਹੈ। ਪੰਜਾਬ ਦੀਆਂ ਛੇ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵੱਲੋਂ ਇਹਨਾਂ ਮੰਗਾਂ ਮਸਲਿਆਂ ਨੂੰ ਮਨਵਾਉਣ ਦੇ ਲਈ ਚੋਣਾਂ ਦੇ ਭੱਖ ਰਹੇ ਇਸ ਮਾਹੌਲ ਅੰਦਰ ਸਰਕਾਰ ਦੇ ਖਿਲਾਫ ਤਿੱਖੇ ਸੰਘਰਸ਼ ਵਿੱਢਣ ਦਾ ਬਿਗਲ ਵਜਾ ਦਿੱਤਾ ਗਿਆ ਹੈ ਅੱਜ ਏ.ਡੀ.ਸੀ. ਲੁਧਿਆਣਾ ਰਾਹੀਂ ਆਪਣੀਆਂ ਮੰਗਾਂ ਦਾ ਡਿਮਾਂਡ ਚਾਰਟ ਭੇਜ ਕੇ ਇਹਨਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ। ਅਗਲੇ ਦਿਨੀਂ ਪੰਜਾਬ ਸਰਕਾਰ ਦੇ ਇਸ ਅੜੀਅਲ ਰਵਈਏ ਖਿਲਾਫ ਤਿੱਖੇ ਸੰਘਰਸ਼ ਕੀਤੇ ਜਾਣਗੇ। ਆਗੂਆਂ ਨੇ ਸਮੂਹ ਅਧਿਆਪਕ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਸਰਕਾਰ ਨੇ ਆਪਣਾ ਮੁਲਾਜ਼ਮ ਵਿਰੋਧੀ ਚਿਹਰੇ ਤੋਂ ਘੁੰਡ ਚੁੱਕ ਲਿਆ ਹੈ,ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲਈ ਕਮਰ ਕਸੇ ਕਰ ਲੈਣ।ਸੰਘਰਸ਼ਾਂ ਦੇ ਇਤਿਹਾਸ ਦੱਸਦੇ ਹਨ ਕਿ ਛਿੱਤਰਾਂ ਦੀ ਮਾਰੀ ਨੌ ਮਣ ਝੜਦੀ ਹੈ ਇਸ ਲਈ ਸਰਕਾਰ ਨੂੰ ਸਬਕ ਸਿਖਾਉਣ ਲਈ ਸਮੂਹ ਅਧਿਆਪਕ ਅੱਗੇ ਆਉਣ। ਇਸ ਸਮੇਂ ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ,ਵਿੱਤ ਸਕੱਤਰ ਗੁਰਬਚਨ ਸਿੰਘ, ਅਨੀਤਾ, ਸੁਰਿੰਦਰ ਕੌਰ, ਹਰਮਨਪ੍ਰੀਤ ਕੌਰ, ਸੁਖਜੀਤ ਕੌਰ, ਮਹਿਕ ਗੋਇਲ, ਅੰਮ੍ਰਿਤ ਕੌਰ, ਕਿਰਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਅੰਕਿਤ ਸ਼ਰਮਾ, ਹੁਸਨਦੀਪ ਸਿੰਘ, ਮਨਪ੍ਰੀਤ ਸਿੰਘ, ਅਜੈ ਕਰਵਲ,ਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਦਵਿੰਦਰ ਸਿੰਘ ਸਿੱਧੂ, ਗੁਰਪ੍ਰੀਤ ਮਾਹੀ, ਅਮਨਦੀਪ ਸਿੰਘ, ਗੁਰਦੀਪ ਸਿੰਘ, ਅਭਿਸ਼ੇਕ, ਹਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਸਾਜਨ ਸਚਦੇਵਾ, ਰਿਸ਼ਭ, ਨਰੇਸ਼ ਆਦਿ ਆਗੂ ਵੀ ਹਾਜ਼ਰ ਸਨ।