ਜੱਪ ਤੱਪ ਚੌਪਹਿਰਾ ਸਮਾਗਮ ਨਾਮ ਬਾਣੀ ਨਾਲ ਜੋੜਨ ਦਾ ਸਾਧਨ : ਬਿੰਦਰਾ
ਜੱਪ ਤੱਪ ਚੌਪਹਿਰਾ ਸਮਾਗਮ ਨਾਮ ਬਾਣੀ ਨਾਲ ਜੋੜਨ ਦਾ ਸਾਧਨ- ਬਿੰਦਰਾ
Publish Date: Wed, 06 May 2026 09:44 PM (IST)
Updated Date: Thu, 07 May 2026 04:15 AM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹਰ ਹਫ਼ਤੇ ਦੀ ਤਰ੍ਹਾਂ ਇਸ ਬੁੱਧਵਾਰ ਨੂੰ ਵੀ ਜੱਪ ਤੱਪ ਚੌਪਹਿਰਾ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਇਸ ਪਵਿੱਤਰ ਸਮਾਗਮ ਦੌਰਾਨ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਕੇ ਗੁਰਬਾਣੀ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੱਪ ਤੱਪ ਚੌਪਹਿਰਾ ਸਮਾਗਮ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਲਗਵਾਉਣ ਵਾਲੀ ਸੰਗਤ ਨੂੰ ਮਾਨਸਿਕ ਸਕੂਨ ਮਿਲਦਾ ਹੈ। ਇਸ ਦੌਰਾਨ ਜਮਾਲਪੁਰ ਆਵਾਣ ਤੋਂ ਸਮਾਗਮ ਵਿੱਚ ਪੁੱਜੇ ਮਨਪ੍ਰੀਤ ਸਿੰਘ ਜੱਸਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਹਰ ਹਫ਼ਤੇ ਹੋਣ ਵਾਲਾ ਇਹ ਸਮਾਗਮ ਸੰਗਤਾਂ ਲਈ ਆਤਮਿਕ ਤੌਰ ‘ਤੇ ਬਹੁਤ ਲਾਭਦਾਇਕ ਹੈ। ਪਿੰਡ ਪੋਹੀੜ ਤੋਂ ਪਹੁੰਚੇ ਚਰਨ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਨੌਜਵਾਨ ਪੀੜ੍ਹੀ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਸਕਦਾ ਹੈ ਜਿਸ ਨਾਲ ਉਨ੍ਹਾਂ ਵਿੱਚ ਚੰਗੇ ਸੰਸਕਾਰਾਂ ਦਾ ਵਿਕਾਸ ਹੁੰਦਾ ਹੈ। ਇਸੇ ਦੌਰਾਨ ਬੀਬੀ ਨਰਿੰਦਰ ਕੌਰ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਗੁਰਬਾਣੀ ਦਾ ਅਭਿਆਸ ਮਨੁੱਖ ਦੇ ਜੀਵਨ ਨੂੰ ਸੁਖਮਈ ਬਣਾਉਂਦਾ ਹੈ ਅਤੇ ਹਰ ਇੱਕ ਸਿੱਖ ਨੂੰ ਰੋਜ਼ਾਨਾ ਨਾਮ ਜਰੂਰ ਜਪਣਾ ਚਾਹੀਦਾ ਹੈ। ਸਮਾਗਮ ਦੌਰਾਨ ਸੰਗਤਾਂ ਨੂੰ ਗੁਰੂ ਕਾ ਲੰਗਰ ਅਤਿ ਪ੍ਰੇਮ ਨਾਲ ਵਰਤਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਟਿੱਕਾ, ਸੁਖਵਿੰਦਰਪਾਲ ਸਿੰਘ ਲਾਲੀ, ਨਵਪ੍ਰੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਰਾਜਧਾਨੀ, ਜਸਵਿੰਦਰ ਸਿੰਘ ਸੇਠੀ, ਅਮਰਪਾਲ ਸਿੰਘ ਸਰਨਾ, ਹਰਵਿੰਦਰਪਾਲ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ।