ਮੀਆਂ ਮਾਰਕੀਟ ’ਚ ਲੱਗੀ ਭਿਆਨਕ ਅੱਗ, ਟਰੱਕ ਤੇ ਕਰੇਨ ਸੜ ਕੇ ਸੁਆਹ
ਮੀਆਂ ਮਾਰਕੀਟ ‘ਚ ਲੱਗੀ ਭਿਆਨਕ ਅੱਗ ਨਾਲ ਇਲਾਕੇ ਵਿੱਚ ਫੈਲੀ ਦਹਿਸ਼ਤ
Publish Date: Thu, 28 May 2026 09:53 PM (IST)
Updated Date: Fri, 29 May 2026 04:17 AM (IST)
ਕਬਾੜ ਦੇ ਢੇਰ ਨੂੰ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਮੀਆਂ ਮਾਰਕੀਟ ਨੇੜੇ ਵੀਰਵਾਰ ਤੜਕੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਆਰਕੇ ਰੋਡ ਸਥਿਤ ਜ਼ੂਮ ਹੋਟਲ ਰੋਡ ‘ਤੇ ਸੜਕ ਕਿਨਾਰੇ ਪਏ ਕਬਾੜ ਦੇ ਵੱਡੇ ਢੇਰ ਨੂੰ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਕੁਝ ਹੀ ਮਿੰਟਾਂ ਵਿੱਚ ਅੱਗ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਲਪਟਾਂ ਕਰੀਬ 20 ਤੋਂ 25 ਫੁੱਟ ਉੱਚੀਆਂ ਉੱਠਣ ਲੱਗ ਪਈਆਂ। ਅੱਗ ਦੀ ਚਪੇਟ ਵਿੱਚ ਆ ਕੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਅਤੇ ਇਕ ਕਰੇਨ ਵੀ ਬੁਰੀ ਤਰ੍ਹਾਂ ਸੜ ਗਏ। ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 5 ਵਜੇ ਸਾਹਮਣੇ ਆਈ, ਜਦੋਂ ਇਲਾਕੇ ਦੇ ਲੋਕਾਂ ਨੇ ਆਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਦੀਆਂ ਉੱਚੀਆਂ ਲਪਟਾਂ ਦੇਖੀਆਂ। ਅਚਾਨਕ ਹੋਏ ਧਮਾਕਿਆਂ ਵਰਗੀਆਂ ਆਵਾਜ਼ਾਂ ਕਾਰਨ ਲੋਕਾਂ ਨੂੰ ਪਹਿਲਾਂ ਸ਼ੱਕ ਹੋਇਆ ਕਿ ਕਿਸੇ ਬਿਜਲੀ ਟਰਾਂਸਫਾਰਮਰ ਵਿੱਚ ਧਮਾਕਾ ਹੋਇਆ ਹੈ। ਡਰੇ-ਸਹਮੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਮੌਕੇ ‘ਤੇ ਹੜਬੜਾਹਟ ਮੱਚ ਗਈ। ਸਥਾਨਕ ਰਹਿਣ ਵਾਲੇ ਰਾਹੁਲ ਨੇ ਦੱਸਿਆ ਕਿ ਸਵੇਰੇ ਅਚਾਨਕ ਮਾਰਕੀਟ ਵਿੱਚ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਲੋਕ ਮੌਕੇ ਵੱਲ ਦੌੜੇ ਤਾਂ ਪਤਾ ਲੱਗਾ ਕਿ ਸੜਕ ‘ਤੇ ਪਏ ਸਕ੍ਰੈਪ ਦੇ ਢੇਰ ਨੂੰ ਭਿਆਨਕ ਅੱਗ ਲੱਗੀ ਹੋਈ ਹੈ। ਉਸ ਨੇ ਕਿਹਾ ਕਿ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕੋਈ ਵੀ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਦਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅਤੇ 11 ਪਾਣੀ ਵਾਲੇ ਟੈਂਕਰ ਮੌਕੇ ‘ਤੇ ਪਹੁੰਚ ਗਏ। ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਕਾਰਨ ਇਲਾਕੇ ਵਿੱਚ ਕਾਫੀ ਸਮੇਂ ਤੱਕ ਧੂਆਂ ਛਾਇਆ ਰਿਹਾ। ਫਾਇਰ ਅਧਿਕਾਰੀਆਂ ਮੁਤਾਬਕ ਸਮੇਂ ਸਿਰ ਕਾਰਵਾਈ ਹੋਣ ਕਾਰਨ ਇੱਕ ਵੱਡਾ ਹਾਦਸਾ ਟੱਲ ਗਿਆ। ਜੇਕਰ ਫਾਇਰ ਬ੍ਰਿਗੇਡ ਨੂੰ ਦੇਰ ਹੁੰਦੀ ਤਾਂ ਸੰਘਣੀ ਆਬਾਦੀ ਵਾਲਾ ਇਲਾਕਾ ਹੋਣ ਕਾਰਨ ਵੱਡੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਪ੍ਰਾਰੰਭਿਕ ਤੌਰ ‘ਤੇ ਕਬਾੜ ਵਿੱਚ ਪਈ ਜਲਣਸ਼ੀਲ ਸਮੱਗਰੀ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ।