ਗਿਆਰ੍ਹਵੀਂ ਵਾਲੀ ਸਰਕਾਰ ਦੇ ਮੇਲੇ ’ਚ ਉਮੜੀ ਸ਼ਰਧਾਲੂਆਂ ਦੀ ਭਾਰੀ ਭੀੜ
ਗਿਆਰ੍ਹਵੀਂ ਵਾਲੀ ਸਰਕਾਰ ਦੇ ਮੇਲੇ ’ਚ ਉਮੜੀ ਸ਼ਰਧਾਲੂਆਂ ਦੀ ਭਾਰੀ ਭੀੜ
Publish Date: Thu, 21 May 2026 07:58 PM (IST)
Updated Date: Fri, 22 May 2026 04:16 AM (IST)
ਕੱਵਾਲੀਆਂ ਤੇ ਭੰਡਾਰੇ ਨੇ ਸਮਾਗਮ ’ਚ ਬੰਨ੍ਹੀ ਰੌਣਕ
ਵਿਜੈ ਵਰਮਾ, ਪੰਜਾਬੀ ਜਾਗਰਣ ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿਚ ਸਥਿਤ ਫੌਜੀ ਕਲੋਨੀ ਵਿੱਚ ਦਰਬਾਰ ਹਜ਼ਰਤ ਸਯਦ ਜਿਲਾਨੀ ਪੀਰ ਬਾਬਾ ਦੀ ਯਾਦ ਨੂੰ ਸਮਰਪਿਤ ਗਿਆਰ੍ਹਵੀਂ ਵਾਲੀ ਸਰਕਾਰ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੀ ਅਗਵਾਈ ਬਾਬਾ ਮਨਦੀਪ ਸਿੰਘ ਨਿੱਝਰ ਵੱਲੋਂ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਦਰਬਾਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਝੰਡੇ ਅਤੇ ਚਾਦਰ ਦੀ ਰਸਮ ਨਾਲ ਹੋਈ। ਇਹ ਰਸਮ ਬਾਬਾ ਮਨਦੀਪ ਸਿੰਘ ਵੱਲੋਂ ਪੂਰੀ ਸ਼ਰਧਾ ਅਤੇ ਆਦਰ ਸਹਿਤ ਨਿਭਾਈ ਗਈ। ਇਸ ਮੌਕੇ ਦਰਬਾਰ ਵਿੱਚ ਆਏ ਸ਼ਰਧਾਲੂਆਂ ਲਈ ਵਿਸ਼ਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿੱਥੇ ਸੰਗਤ ਨੇ ਪ੍ਰਸਾਦ ਛਕਿਆ।
ਮੇਲੇ ਦੌਰਾਨ ਸੂਫੀ ਰੰਗ ਵੀ ਖੂਬ ਚੜ੍ਹਿਆ ਰਿਹਾ। ਮਸ਼ਹੂਰ ਕੱਵਾਲੀ ਗਾਇਕ ਅਤੇ ਕਲਾਕਾਰਾਂ ਨੇ ਆਪਣੀ ਰੂਹਾਨੀ ਪੇਸ਼ਕਾਰੀ ਨਾਲ ਸਮਾਗਮ ਦੀ ਰੌਣਕ ਨੂੰ ਹੋਰ ਵਧਾਇਆ। ਸੂਫੀ ਐਂਕਰ ਸਨੀ ਮਾਨ, ਪਰਵੇਜ਼ ਖਾਨ, ਸਾਹਿਲ ਖਾਨ, ਨੂਰ ਅਲੀ ਅਤੇ ਦਾਸ ਗੱਬਰ ਸਾਹ ਕਾਦਰੀ ਨੇ ਸੂਫੀਆਨਾ ਕਲਾਮ ਪੇਸ਼ ਕਰਕੇ ਹਾਜ਼ਰੀਨ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਸਾਬਕਾ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ, ਕੌਂਸਲਰ ਹੈਪੀ ਸ਼ੇਰਪੁਰੀਆ, ਬਾਬਾ ਫਕੀਰ ਸ਼ਾਹ ਬੁਲਾਰਾ, ਬਾਬਾ ਬੁੱਟਾ ਸਾਹ ਰਸੂਲਪੁਰ ਅਤੇ ਬਾਬਾ ਜਸਵੰਤ ਸਿੰਘ ਨੂੰ ਸਮਾਗਮ ਦੌਰਾਨ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਵਿੱਚ ਮਨੋਜ ਕੁਮਾਰ, ਦੀਪਕ ਰਾਜਪੂਤ, ਯੁਵਰਾਜ ਸਿੰਘ, ਮੋਹਿਤ ਮਲਹੋਤਰਾ, ਭੁਪਿੰਦਰ ਪਾਸਵਾਨ, ਸੋਨੂੰ ਕੁਮਾਰ, ਅਜੇ ਸਿੰਘ, ਹੈਦਰ ਅਲੀ, ਗੁਰਪ੍ਰੀਤ ਫੌਜੀ, ਮੁਕੇਸ਼ ਕੁਮਾਰ, ਜਗਵੀਰ ਸਿੰਘ, ਸਰਬਜੋਤ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ, ਰਾਹੁਲ ਬੰਸਲ, ਮਨਮੋਹਨ ਸਿੰਘ, ਰਤੇਸ਼ ਗੁਪਤਾ, ਸਨੀ ਸ਼ਰਮਾ, ਲਾਡੀ, ਬਲਦੇਵ ਸਿੰਘ, ਅਮਰੀਕ ਸਿੰਘ, ਜਸਵੰਤ ਸਿੰਘ ਗਰੇਵਾਲ, ਹਰਸ਼ਿਤ ਅਰੋੜਾ, ਬੂਟਾ ਖਾਨ, ਸੁਖਵਿੰਦਰ ਸਿੰਘ ਸੁੱਖਾ, ਕੁਲਵਿੰਦਰ ਸਿੰਘ ਕਾਕਾ, ਸਾਹਿਲ ਕੁਮਾਰ, ਜਸਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਸਮੇਤ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ। ਮੇਲੇ ਦੌਰਾਨ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਮਾਹੌਲ ਭਗਤੀ ਅਤੇ ਸੂਫੀਆਨਾ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ।