ਇਰਾਦਾ ਕਤਲ ਦੇ ਮਾਮਲੇ ਦੀ ਗਵਾਹੀ ਮੁਕਰਵਾਉਣ ਲਈ ਕੀਤਾ ਜਾਨਲੇਵਾ ਹਮਲਾ
ਇਰਾਦਾ ਕਤਲ ਦੇ ਮਾਮਲੇ ਦੀ ਗਵਾਹੀ ਮੁਕਰਵਾਉਣ ਲਈ ਕੀਤਾ ਜਾਨਲੇਵਾ ਹਮਲਾ
Publish Date: Fri, 08 May 2026 06:15 PM (IST)
Updated Date: Fri, 08 May 2026 06:17 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਾਲ 2023 ਵਿਚ ਦਰਜ ਕੀਤੇ ਗਏ ਇਰਾਦਾ ਕਤਲ ਦੇ ਮਾਮਲੇ ਦੇ ਗਵਾਹ ਤੇ ਡਰ ਬਣਾਉਣ ਲਈ ਕੁੱਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਜੇਕਰ ਗਵਾਹੀ ਦਿੱਤੀ ਤਾਂ ਉਸਦੀ ਹਾਲਤ ਖਰਾਬ ਕਰ ਦਿੱਤੀ ਜਾਵੇਗੀ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਹੱਲਾ ਮਹਿਮੂਦਪੁਰਾ ਗਉਸ਼ਾਲਾ ਰੋਡ ਦੇ ਵਾਸੀ ਘੋਰਵ ਮਲੋਤਰਾ ਦੀ ਸ਼ਿਕਾਇਤ ਤੇ ਦੋ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਘੋਰਵ ਮਲਹੋਤਰਾ ਨੇ ਦੱਸਿਆ ਕਿ 8 ਜੁਲਾਈ 2023 ਨੂੰ ਉਸਦੇ ਕੁੱਝ ਵਾਕਫ ਵਿਅਕਤੀਆਂ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ। ਉਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਅਤੇ ਕੁੱਝ ਸਮੇਂ ਬਾਅਦ ਧਰਾਵਾਂ ਵਿਚ ਵਾਧਾ ਕਰਕੇ ਇਰਾਦਾ ਕਤਲ ਦੀ ਧਾਰਾ ਜੋੜ ਦਿੱਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਕੇਸ ਵਿਚ ਉਹ ਮੁੱਖ ਗਵਾਹ ਹੈ। ਘੋਰਵ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਨਾਲ ਸੰਜੇ ਗਾਂਧੀ ਕਲੋਨੀ ਵਿੱਚ ਪੈਂਦੀ ਜੈ ਬਾਲਾ ਜੀ ਡੇਅਰੀ ਨੂੰ ਬੰਦ ਕਰ ਰਿਹਾ ਸੀ। ਇਸੇ ਦੌਰਾਨ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਦੇ ਕੋਲ ਤੇਜ਼ਧਾਰ ਹਥਿਆਰ ਸੀ। ਹਮਲਾਵਰਾਂ ਨੇ ਤੇਜ਼ਧਾਰ ਕਿਰਪਾਨ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਸਾਲ 2023 ਵਾਲੇ ਕੇਸ ਵਿਚ ਗਵਾਹੀ ਦਿੱਤੀ ਤਾਂ ਉਸਦੀ ਹਾਲਤ ਬਹੁਤ ਖਰਾਬ ਕਰ ਦਿੱਤੀ ਜਾਵੇਗੀ। ਉਧਰੋਂ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘੋਰਵ ਮਲੋਤਰਾ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।