ਗਲੀ ’ਚ ਖੜ੍ਹੀ ਕਾਰ ਨੂੰ ਪੈਟਰੋਲ ਪਾ ਕੇ ਲਗਾਈ ਅੱਗ
ਗਲੀ ਵਿੱਚ ਖੜੀ ਕਾਰ ਨੂੰ ਪੈਟਰੋਲ ਪਾਕੇ ਲਗਾਈ ਅੱਗ
Publish Date: Mon, 27 Apr 2026 06:53 PM (IST)
Updated Date: Mon, 27 Apr 2026 06:55 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਹੈਬੋਵਾਲ ਕਲਾਂ ਸੰਗਮ ਚੌਕ ਦੇ ਨਜ਼ਦੀਕ ਮੁਹੱਲਾ ਸੁਰਜੀਤ ਇਨਕਲੇਵ ਇਲਾਕੇ ਵਿਚ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਉੱਪਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਉਕਤ ਘਟਨਾ ਵਿੱਚ ਕਰੇਟਾ ਮਾਡਲ ਦੀ ਕਾਰ ਦਾ ਇੰਜਣ ਅਤੇ ਅਗਲਾ ਹਿੱਸਾ ਸੜ ਕੇ ਸੁਆਹ ਹੋ ਗਿਆ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਸੁਰਜੀਤ ਇਨਕਲੇਵ ਦੇ ਰਹਿਣ ਵਾਲੇ ਸਾਰਥਕ ਮਲਹੋਤਰਾ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਾਰਥਕ ਮਲਹੋਤਰਾ ਮੁਤਾਬਕ ਉਹ ਪੇਸ਼ੇ ਤੋਂ ਹੋਜ਼ਰੀ ਦਾ ਕਾਰੋਬਾਰ ਕਰਦਾ ਹੈ ਅਤੇ ਸੰਗਮ ਚੌਕ ਦੇ ਨਜ਼ਦੀਕ ਮੁਹੱਲਾ ਸੁਰਜੀਤ ਕਾਲੋਨੀ ਵਿਚ ਪਰਿਵਾਰ ਸਮੇਤ ਰਹਿ ਰਿਹਾ ਹੈ। 26 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਸ ਦੀ ਸਫੇਦ ਰੰਗ ਦੀ ਕਰੇਟਾ ਕਾਰ ਰੋਜ਼ ਦੀ ਤਰ੍ਹਾਂ ਘਰ ਦੇ ਨਜ਼ਦੀਕ ਬਾਹਰ ਗਲੀ ਵਿਚ ਪਾਰਕ ਕੀਤੀ ਹੋਈ ਸੀ। ਤੜਕੇ ਕਰੀਬ 3 ਵਜੇ ਅਚਾਨਕ ਉਨ੍ਹਾਂ ਨੂੰ ਗਲੀ ਵਿਚੋਂ ਤੇਜ਼ ਰੋਸ਼ਨੀ ਅਤੇ ਧਮਾਕੇ ਹੋਣ ਦੀ ਆਵਾਜ਼ ਆਈ। ਜਦ ਉਹ ਬਾਹਰ ਨਿਕਲੇ ਤਾਂ ਵੇਖਿਆ ਕਿ ਉਨ੍ਹਾਂ ਦੀ ਕਰੇਟਾ ਕਾਰ ਅੱਗ ਦੀਆਂ ਲਪਟਾਂ ਵਿਚ ਘਿਰੀ ਹੋਈ ਸੀ। ਜਿਸ ਨੂੰ ਦੇਖ ਉਨ੍ਹਾਂ ਰੌਲਾ ਪਾਇਆ ਤਾਂ ਆਂਢੀਆਂ ਗੁਆਂਢੀਆਂ ਨੇ ਬਾਹਰ ਆ ਕੇ ਅੱਗ ਉੱਪਰ ਪਾਣੀ ਪਾ ਕੇ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕੀਤੀ। ਜਦੋਂ ਤੱਕ ਅੱਗ ਉੱਪਰ ਕਾਬੂ ਪਾਇਆ ਜਾਂਦਾ ਉਸ ਵੇਲੇ ਤੱਕ ਉਨ੍ਹਾਂ ਦੀ ਕਾਰ ਦਾ ਅਗਲਾ ਹਿੱਸਾ ਬੂਰੀ ਤਰ੍ਹਾਂ ਸੜ ਚੁੱਕਾ ਸੀ। ਕਾਰ ਦੇ ਮਾਲਕ ਮੁਤਾਬਕ ਉਨ੍ਹਾਂ ਦੀ ਨਾ ਤਾਂ ਕਿਸੇ ਨਾਲ ਕੋਈ ਕਾਰੋਬਾਰੀ ਰੰਜਿਸ਼ ਹੈ ਅਤੇ ਨਾ ਹੀ ਕੋਈ ਪਰਿਵਾਰਕ ਝਗੜਾ ਹੈ, ਜਿਸ ਦੇ ਚੱਲਦੇ ਉਨ੍ਹਾਂ ਨਾਲ ਇਹ ਵਾਰਦਾਤ ਅੰਜਾਮ ਦਿੱਤੀ ਗਈ ਹੋਵੇ। ਬਹਿਰਹਾਲ ਚੌਕੀ ਜਗਤਪੁਰੀ ਪੁਲਿਸ ਵੱਲੋਂ ਮੌਕੇ ਤੋਂ ਬਰਾਮਦ ਸੀਸੀ ਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਕਾਰ ਨੂੰ ਅੱਗ ਲਗਾਉਣ ਵਾਲੇ ਬਦਮਾਸ਼ਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ। ਸੀਸੀਟੀਵੀ ਫੁਟੇਜ ’ਚ ਨਜ਼ਰ ਆਏ ਬਦਮਾਸ਼ ਹੋਜ਼ਰੀ ਕਾਰੋਬਾਰੀ ਸਾਰਥਕ ਮਲਹੋਤਰਾ ਮੁਤਾਬਕ ਜਦ ਉਨ੍ਹਾਂ ਗਲੀ ਵਿੱਚ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਤੜਕੇ ਤਿੰਨ ਵਜੇ ਤੋਂ ਬਾਅਦ ਐਕਟਿਵਾ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਵੱਲੋਂ ਇਹ ਵਾਰਦਾਤ ਅੰਜਾਮ ਦਿੱਤੀ ਗਈ ਸੀ। ਇੱਕ ਵਿਅਕਤੀ ਐਕਟਿਵਾ ਤੋਂ ਉਤਰਿਆ ਜਿਸ ਨੇ ਆਪਣੇ ਹੱਥ ਵਿੱਚ ਫੜੀ ਪੈਟਰੋਲ ਵਰਗੀ ਜਵਲਸ਼ੀਲ ਪਦਾਰਥ ਨੂੰ ਕਾਰ ਦੇ ਅਗਲੇ ਹਿੱਸੇ ਉੱਪਰ ਛਿੜਕਿਆ ਅਤੇ ਮਾਚਸ ਦੀ ਤੀਲੀ ਨਾਲ ਅੱਗ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ। ਬਦਮਾਸ਼ ਭੱਜਦੇ ਹੋਏ ਮਾਚਿਸ ਵੀ ਮੌਕੇ ਤੇ ਹੀ ਛੱਡ ਗਏ। ਪੀੜਤ ਮੁਤਾਬਕ ਕਰੀਬ 6 ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਗਲੀ ਵਿੱਚ ਖੜੀ ਕਾਰ ਨੂੰ ਕਿਸੇ ਬਦਮਾਸ਼ ਨੇ ਇੱਟਾਂ ਰੋੜੇ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਰੀਬ 6 ਮਹੀਨੇ ਬਾਅਦ ਲਗਭਗ ਉਸੇ ਸਮੇਂ ਦੁਬਾਰਾ ਬਦਮਾਸ਼ਾਂ ਨੇ ਉਸ ਦੀ ਪਤਨੀ ਦੀ ਕਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।