99 ਸਾਲਾ ਦਾਦੇ ਦੀ ਵੀਲਚੇਅਰ ‘ਤੇ ਇਨਸਾਫ ਲਈ ਪੁਕਾਰ

-ਲਾਪਤਾ ਅੰਕੁਰ ਮੱਗੂ ਦੀ ਭਾਲ ਲਈ ਪਰਿਵਾਰ ਦਾ ਸੀਪੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਲੁਧਿਆਣਾ ਵਿੱਚ ਭਾਵੁਕ ਮੰਜ਼ਰ, ਪਰਿਵਾਰ ਦੀਆਂ ਅੱਖਾਂ ’ਚ ਅੱਥਰੂ ਤੇ ਦਿਲ ‘ਚ ਇੱਕੋ ਉਮੀਦ ‘ਸਾਡਾ ਪੁੱਤ ਵਾਪਸ ਮਿਲ ਜਾਵੇ’
---
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਉਸ ਵੇਲੇ ਬਹੁਤ ਹੀ ਭਾਵੁਕ ਅਤੇ ਦਿਲ ਨੂੰ ਝੰਝੋੜ ਦੇਣ ਵਾਲਾ ਮਾਹੌਲ ਬਣ ਗਿਆ, ਜਦੋਂ ਕੈਲਾਸ਼ ਨਗਰ ਇਲਾਕੇ ਦੇ ਲਾਪਤਾ ਕਾਰੋਬਾਰੀ ਅੰਕੁਰ ਮੱਗੂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਇਨਸਾਫ ਅਤੇ ਤੁਰੰਤ ਕਾਰਵਾਈ ਦੀ ਮੰਗ ਕਰਨ ਪਹੁੰਚੇ। ਇਸ ਪ੍ਰਦਰਸ਼ਨ ਵਿੱਚ ਸਭ ਤੋਂ ਜਜ਼ਬਾਤੀ ਪਲ ਉਸ ਵੇਲੇ ਸਾਹਮਣੇ ਆਇਆ ਜਦੋਂ ਅੰਕੁਰ ਦੇ 99 ਸਾਲਾ ਦਾਦਾ ਸੋਮਨਾਥ ਮੱਗੂ ਵੀਲਚੇਅਰ ‘ਤੇ ਬੈਠ ਕੇ ਪੁਲਿਸ ਪ੍ਰਸ਼ਾਸਨ ਅੱਗੇ ਹੱਥ ਜੋੜ ਆਪਣੇ ਪੋਤੇ ਨੂੰ ਲੱਭਣ ਦੀ ਅਪੀਲ ਕਰਦੇ ਨਜ਼ਰ ਆਏ। ਉਨ੍ਹਾਂ ਦੀਆਂ ਨਮ ਅੱਖਾਂ ਅਤੇ ਕੰਬਦੇ ਹੱਥਾਂ ਨੇ ਮੌਕੇ ‘ਤੇ ਮੌਜੂਦ ਹਰ ਵਿਅਕਤੀ ਨੂੰ ਭਾਵੁਕ ਕਰ ਦਿੱਤਾ। ਜਾਣਕਾਰੀ ਅਨੁਸਾਰ ਕੱਪੜਿਆਂ ਦਾ ਕਾਰੋਬਾਰ ਹੀ ਕੈਲਾਸ਼ ਨਗਰ ਦਾ ਵਾਸੀ 32 ਸਾਲਾ ਅੰਕੁਰ ਮੱਗੂ 5 ਮਈ ਤੋਂ ਲਾਪਤਾ ਹੈ। ਪਰਿਵਾਰ ਦੇ ਮੁਤਾਬਕ ਅੰਕੁਰ 5 ਮਈ ਦੀ ਸ਼ਾਮ ਕਰੀਬ 7:15 ਵਜੇ ਕਿਸੇ ਨੂੰ ਬਿਨਾਂ ਦੱਸੇ ਘਰ ਤੋਂ ਚਲਾ ਗਿਆ ਸੀ। ਉਸ ਦਿਨ ਤੋਂ ਬਾਅਦ ਅੰਕੁਰ ਸਬੰਧੀ ਕੋਈ ਵੀ ਸੂਚਨਾ ਨਾ ਮਿਲ ਸਕੀ। ਪਰਿਵਾਰ ਨੇ ਪਹਿਲਾਂ ਆਪਣੇ ਪੱਧਰ ‘ਤੇ ਉਸ ਦੀ ਕਾਫ਼ੀ ਭਾਲ ਕੀਤੀ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਕੋਲ ਪੁੱਛਗਿੱਛ ਕੀਤੀ, ਪਰ ਜਦੋਂ ਕੋਈ ਸੁਰਾਗ ਨਾ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਦਾ ਦਰਵਾਜ਼ਾ ਖੜਕਾਇਆ ਗਿਆ।
-ਸੂਸਾਈਡ ਨੋਟ ਮਿਲਣ ਤੋਂ ਬਾਅਦ ਮਾਮਲੇ ਨੇ ਕੀਤਾ ਗੰਭੀਰ ਰੂਪ ਧਾਰਨ
ਮਾਮਲੇ ਨੇ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਘਰ ਵਿੱਚੋਂ ਇੱਕ ਹੱਥ ਨਾਲ ਲਿਖਿਆ ਸੁਸਾਈਡ ਨੋਟ ਮਿਲਿਆ। ਪਰਿਵਾਰਕ ਮੈਂਬਰਾਂ ਅਨੁਸਾਰ ਇਸ ਨੋਟ ਵਿੱਚ ਅੰਕੁਰ ਨੇ ਆਰਥਿਕ ਤਣਾਅ, ਲੈਣ-ਦੇਣ ਦੇ ਵਿਵਾਦ ਅਤੇ ਕੁਝ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਜ਼ਿਕਰ ਕੀਤਾ ਹੈ। ਨੋਟ ਵਿੱਚ ਕੁਝ ਵਿਅਕਤੀਆਂ ਦੇ ਨਾਮ ਅਤੇ ਮੋਬਾਈਲ ਨੰਬਰ ਵੀ ਲਿਖੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅੰਕੁਰ ਪਿਛਲੇ ਕਾਫ਼ੀ ਸਮੇਂ ਤੋਂ ਵਿੱਤੀ ਦਬਾਅ ਹੇਠ ਸੀ ਅਤੇ ਇਸ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਸੀ।
ਅੰਕੁਰ ਨੂੰ ਆ ਰਹੇ ਸਨ ਧਮਕੀ ਭਰੇ ਫੋਨ
ਅੰਕੁਰ ਦੀ ਪਤਨੀ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਨੂੰ ਲਗਾਤਾਰ ਧਮਕੀ ਭਰੇ ਫ਼ੋਨ ਆ ਰਹੇ ਸਨ ਅਤੇ ਉਹ ਬਹੁਤ ਜ਼ਿਆਦਾ ਮਾਨਸਿਕ ਦਬਾਅ ਵਿੱਚ ਰਹਿ ਰਿਹਾ ਸੀ। ਉਸਨੇ ਇਹ ਵੀ ਦੱਸਿਆ ਕਿ ਉਹ ਖੁਦ ਇਸ ਵੇਲੇ ਅਪੋਲੋ ਹਸਪਤਾਲ ਵਿੱਚ ਇਲਾਜ ਅਧੀਨ ਹੈ, ਪਰ ਇਸ ਦੁੱਖ ਦੀ ਘੜੀ ਵਿੱਚ ਪਤੀ ਦੀ ਗੁੰਮਸ਼ੁਦਗੀ ਨੇ ਪੂਰੇ ਪਰਿਵਾਰ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਹੈ।
ਥਾਣੇ ਦੀ ਕਾਰਵਾਈ ’ਤੇ ਜਤਾਈ ਨਰਾਜ਼ਗੀ
ਸੀਪੀ ਦਫ਼ਤਰ ਦੇ ਬਾਹਰ ਹੋਏ ਰੋਸ ਪ੍ਰਦਰਸ਼ਨ ਦੌਰਾਨ ਪਰਿਵਾਰਕ ਮੈਂਬਰਾਂ ਨੇ ਬਸਤੀ ਜੋਧੇਵਾਲ ਥਾਣੇ ਦੀ ਕਾਰਗੁਜ਼ਾਰੀ ‘ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲਗਾਤਾਰ ਥਾਣੇ ਦੇ ਚੱਕਰ ਕੱਟ ਰਹੇ ਹਨ ਪਰ ਪੁਲਿਸ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇੱਕ ਪਰਿਵਾਰਕ ਮੈਂਬਰ ਨੇ ਭਾਵੁਕ ਹੋ ਕੇ ਆਖਿਆ ਕਿ ਥਾਣੇ ਦੇ ਚੱਕਰ ਕੱਟਦੇ-ਕੱਟਦੇ ਉਹਨਾਂ ਦੀਆਂ ਚੱਪਲਾਂ ਘਸ ਗਈਆਂ ਹਨ, ਪਰ ਅਜੇ ਤੱਕ ਸਾਨੂੰ ਆਪਣੇ ਪੁੱਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਵੀਲਚੇਅਰ ‘ਤੇ ਬੈਠੇ 99 ਸਾਲਾ ਦਾਦਾ ਸੋਮਨਾਥ ਮੱਗੂ ਵੱਲੋਂ ਆਪਣੇ ਪੋਤੇ ਦੀਆਂ ਤਸਵੀਰਾਂ ਫੜ ਕੇ ਇਨਸਾਫ ਦੀ ਮੰਗ ਕੀਤੀ । ਇਲਾਕੇ ਦੇ ਵਸਨੀਕਾਂ ਅਤੇ ਰਿਸ਼ਤੇਦਾਰਾਂ ਨੇ ਵੀ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਦੀ ਮੰਗ ਕੀਤੀ।
ਕੀਤੀ ਜਾ ਰਹੀ ਹੈ ਗੰਭੀਰਤਾ ਨਾਲ ਜਾਂਚ
ਇਸ ਦੌਰਾਨ ਡੀਸੀਪੀ ਹਰਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ, ਕਾਲ ਡਿਟੇਲ ਰਿਕਾਰਡ (ਸੀਡੀਆਰ) ਅਤੇ ਸੁਸਾਈਡ ਨੋਟ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਨੋਟ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਾਂਚ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਕੁਰ ਮੱਗੂ ਦੀ ਭਾਲ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।