ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਭਿਆਨਕ ਹਾਦਸਾ
ਸੰਵਾਦ ਸਹਿਯੋਗੀ, ਜਾਗਰਣ, ਜਗਰਾਓਂ
Publish Date: Sat, 25 Apr 2026 10:35 PM (IST)
Updated Date: Sun, 26 Apr 2026 04:20 AM (IST)

ਸੰਵਾਦ ਸਹਿਯੋਗੀ, ਜਾਗਰਣ, ਜਗਰਾਓਂ : ਲੁਧਿਆਣਾ–ਫਿਰੋਜ਼ਪੁਰ ਹਾਈਵੇ ’ਤੇ ਸੈਕਰਟ ਹਾਰਟ ਕਾਨਵੈਂਟ ਸਕੂਲ ਦੇ ਨੇੜੇ 2 ਕਾਰਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਇਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਫੁੱਟਪਾਥ ’ਤੇ ਚੜ੍ਹ ਗਈ, ਜਦਕਿ ਟੱਕਰ ਮਾਰਨ ਵਾਲਾ ਚਾਲਕ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਤੇ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸਐੱਸਐਫ (ਸੜਕ ਸੁਰੱਖਿਆ ਫੋਰਸ) ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਤੇ ਕਾਰ ਵਿਚ ਫਸੇ ਚਾਲਕ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਮਾਮਲੇ ਦੀ ਜਾਣਕਾਰੀ ਥਾਣਾ ਸਦਰ ਦੇ ਅਧੀਨ ਪੈਣ ਵਾਲੀ ਚੌਕੀ ਚੌਕੀਮਾਨ ਦੀ ਪੁਲਿਸ ਨੂੰ ਦੇ ਦਿੱਤੀ ਗਈ। ਇਸ ਸਬੰਧ ਵਿਚ ਐੱਸਐੱਸਐਫ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੈਕਰਟ ਹਾਰਟ ਕਾਨਵੈਂਟ ਸਕੂਲ ਦੇ ਨੇੜੇ ਇਕ ਕਾਰ ਨੇ ਦੂਜੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ਹੈ। ਟੱਕਰ ਲੱਗਣ ਕਾਰਨ ਅੱਗੇ ਚੱਲ ਰਹੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਫੁੱਟਪਾਥ ’ਤੇ ਚੜ੍ਹ ਗਈ। ਜਾਣਕਾਰੀ ਮਿਲਦੇ ਹੀ ਐੱਸਐੱਸਐਫ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਕਾਰ ਚਾਲਕ ਸੁਖਚੈਨ ਸਿੰਘ ਨੂੰ ਵਾਹਨ ਤੋਂ ਬਾਹਰ ਕੱਢਿਆ। ਹਾਦਸੇ ’ਚ ਉਸ ਨੂੰ ਅੰਦਰੂਨੀ ਤੇ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ਤੇ ਕੀਤੀ ਗਈ ਮੁੱਢਲੇ ਪੁੱਛਗਿੱਛ ’ਚ ਪਤਾ ਲੱਗਾ ਕਿ ਸਵਿਫਟ ਕਾਰ ਲੁਧਿਆਣਾ ਤੋਂ ਮੋਗਾ ਵੱਲ ਜਾ ਰਹੀ ਸੀ, ਜਿਵੇਂ ਹੀ ਕਾਰ ਸੈਕਰਟ ਹਾਰਟ ਕਾਨਵੈਂਟ ਸਕੂਲ ਦੇ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਲੱਗਦੇ ਹੀ ਸਵਿਫਟ ਕਾਰ ਡਿਵਾਈਡਰ ’ਤੇ ਚੜ੍ਹ ਗਈ ਪਰ ਚਾਲਕ ਨੇ ਸੂਝਬੂਝ ਦਿਖਾਉਂਦਿਆਂ ਤੁਰੰਤ ਬ੍ਰੇਕ ਲਾ ਦਿੱਤੇ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਹਾਲਾਂਕਿ ਟੱਕਰ ਮਾਰਨ ਵਾਲਾ ਚਾਲਕ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਮਾਮਲੇ ਦੀ ਅਗਲੀ ਜਾਂਚ ਚੌਕੀਮਾਨ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।