ਪਿੰਡ ਮੀਰਪੁਰ ਹਾਂਸ ਵਿਖੇ 71 ਲੱਖੀ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ
ਪਿੰਡ ਮੀਰਪੁਰ ਹਾਂਸ ਵਿਖੇ 71 ਲੱਖੀ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ
Publish Date: Mon, 04 May 2026 10:48 PM (IST)
Updated Date: Tue, 05 May 2026 04:20 AM (IST)

ਖਿਡਾਰੀਆਂ ਨੂੰ ਫੁੱਟਬਾਲ, ਕ੍ਰਿਕਟ ਅਤੇ ਬਾਸਕਿਟਬਾਲ ਕਿੱਟਾਂ ਭੇਟ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਪਿੰਡ ਮੀਰਪੁਰ ਹਾਂਸ ਵਿਖੇ 71 ਲੱਖ ਦੀ ਲਾਗਤ ਨਾਲ ਬਣੇ ਮੁੱਖ ਮੰਤਰੀ ਖੇਡ ਮੈਦਾਨ ਦਾ ਅੱਜ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਉਦਘਾਟਨ ਕੀਤਾ। ਇਸ ਉਦਘਾਟਨੀ ਸਮਾਗਮ ਵਿਚ ਵਿਧਾਇਕਾ ਵੱਲੋਂ ਖਿਡਾਰੀਆਂ ਨੂੰ ਫੁੱਟਬਾਲ, ਕ੍ਰਿਕਟ ਅਤੇ ਬਾਸਕਿਟਬਾਲ ਕਿੱਟਾਂ ਵੀ ਵੰਡੀਆਂ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਹਰ ਇੱਕ ਨੌਜਵਾਨ ਨੂੰ ਖੇਡਾਂ ਨਾਲ ਜੋੜਣ ਲਈ ਖੇਡ ਗਰਾਊਂਡਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਜਿਸ ਤਹਿਤ ਪਿੰਡ ਮੀਰਪੁਰ ਹਾਂਸ ਵਿਚ 71.25 ਲੱਖ ਦੀ ਲਾਗਤ ਨਾਲ ਅਤੀ ਆਧੁਨਿਕ ਖੇਡ ਗਰਾਊਂਡ ਤਿਆਰ ਕੀਤੀ ਗਈ ਹੈ। ਇਸ ਖੇਡ ਗਰਾਊਂਡ ਵਿਚ ਜਿੱਥੇ ਇਲਾਕੇ ਦੇ ਬੱਚੇ ਖੇਡਾਂ ਨਾਲ ਜੁੜ ਕੇ ਚੰਗੇ ਖਿਡਾਰੀ ਬਨਣਗੇ। ਇਨ੍ਹਾਂ ਵਿਚੋਂ ਬੇਹਤਰ ਪ੍ਰਦਰਸ਼ਨ ਰਾਹੀਂ ਇਹ ਖਿਡਾਰੀ ਪਿੰਡ ਇਲਾਕੇ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇ ਅਨੇਕਾਂ ਖੇਡ ਗਰਾਊਂਡ ਇਲਾਕੇ ਦੇ ਪਿੰਡ ਪਿੰਡ ਬਣ ਚੁੱਕੇ ਹਨ ਅਤੇ ਰਹਿੰਦੇ ਪਿੰਡਾਂ ਵਿਚ ਵੀ ਇਹ ਖੇਡ ਗਰਾਊਂਡ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਜੁੜਣ, ਹੁਣ ਉਨ੍ਹਾਂ ਦੇ ਪਿੰਡ ਵਿਚ ਹੀ ਸਰਕਾਰ ਵੱਲੋਂ ਖੇਡ ਗਰਾਊਂਡ, ਖੇਡ ਕਿੱਟਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਪਿੰਡ ਵੱਲੋਂ ਵਿਧਾਇਕਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਰਪੰਚ ਮਨਪ੍ਰੀਤ ਕੌਰ, ਸਰਪੰਚ ਬਾਰਦੇਕੇ ਸਿਮਰਦੀਪ ਸਿੰਘ, ਕੋਚ ਖੁਸ਼ਦੀਪ ਸਿੰਘ, ਪ੍ਰਧਾਨ ਮਨਦੀਪ ਸਿੰਘ, ਯੂਥ ਪ੍ਰਧਾਨ ਰਵਿੰਦਰ ਸਿੰਘ, ਚੇਅਰਮੈਨ ਕੁਲਦੀਪ ਸਿੰਘ ਸ਼ੇਖਦੌਲਤ, ਜਗਸੀਰ ਸਿੰਘ ਗਾਲਿਬ ਰਣ ਸਿੰਘ, ਕਾਕਾ ਕੋਠੇ ਅੱਠ ਚੱਕ ਆਦਿ ਹਾਜ਼ਰ ਸਨ।