66 ਕੇਵੀ ਟਰਾਂਸਪੋਰਟ ਨਗਰ ਗਰਿਡ ’ਚ ਧਮਾਕੇ ਤੋਂ ਬਾਅਦ ਸ਼ਟਡਾਊਨ, ਕਈ ਫੀਡਰ ਹੋਏ ਬੰਦ

-ਕਈ ਇਲਾਕਿਆਂ ’ਚ ਲੱਗਾ ਲੰਮਾ ਕੱਟ, ਗਰਮੀ ਕਾਰਨ ਲੋਕ ਬੇਹਾਲ
-ਲੰਮਾ ਸਮਾਂ ਬਿਜਲੀ ਬੰਦ ਰਹਿਣ ਤੇ ਉਦਯੋਗਪਤੀਆਂ ਨੇ ਜਤਾਇਆ ਰੋਸ
---
ਪ੍ਰਿੰਸ ਸ਼ਰਮਾ ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ’ਚ ਬੁੱਧਵਾਰ ਦੇਰ ਰਾਤ 66 ਕੇਵੀ ਟਰਾਂਸਪੋਰਟ ਨਗਰ ਗਰਿਡ (ਸੀਐਮਸੀ ਡਿਵੀਜ਼ਨ) ’ਚ ਸੀਟੀ ਬਲਾਸਟ ਹੋਣ ਤੋਂ ਬਾਅਦ ਲਏ ਗਏ ਤਕਨੀਕੀ ਸ਼ਟਡਾਊਨ ਕਾਰਨ ਵੀਰਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਵੇਰੇ ਕਰੀਬ 9 ਵਜੇ ਤੋਂ ਦੇਰ ਰਾਤ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ, ਜਿਸ ਨਾਲ ਆਮ ਲੋਕਾਂ ਦੇ ਨਾਲ ਨਾਲ ਉਦਯੋਗਿਕ ਇਕਾਈਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ 66 ਕੇਵੀ ਟਰਾਂਸਪੋਰਟ ਨਗਰ ਗਰਿਡ ਅਤੇ 66 ਕੇਵੀ ਮਿੱਲਰ ਗੰਜ ਸਬ-ਸਟੇਸ਼ਨ ਤੋਂ ਨਿਕਲਣ ਵਾਲੇ ਕੈਟਾਗਰੀ-2 ਫੀਡਰਾਂ ਦੀ ਸਪਲਾਈ ਦੀ ਤਬਦੀਲੀ ਅਤੇ ਤਕਨੀਕੀ ਜਾਂਚ ਦੇ ਚਲਦੇ ਬੰਦ ਰੱਖੀ ਗਈ। ਇਸ ਕਾਰਨ ਹੀਰਾ ਨਗਰ, ਬਾਬਾ ਗੱਜਾ ਜੈਨ ਕਾਲੋਨੀ, ਮੋਤੀ ਨਗਰ, ਟੈਕਸਟਾਈਲ ਕਾਲੋਨੀ, ਮਹਿੰਦਰਾ ਕਾਲੋਨੀ, ਸ਼ਿਵ ਚੌਕ, ਗੁਰੂ ਤੇਗ ਬਹਾਦਰ ਨਗਰ, ਪਰਲ, ਨਹਿਰ, ਲਿੰਕ ਰੋਡ, ਰਾਜ ਐਂਡ ਸੰਦੀਪ, ਆਰਕੇ. ਰੋਡ, ਕੈਲਾਸ਼ ਨਗਰ, ਅਤੇ ਬਾਬਾ ਦੀਪ ਸਿੰਘ ਨਗਰ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ।
ਜਿਕਰਯੋਗ ਹੈ ਕਿ ਇੱਕ ਪਾਸੇ ਜਿੱਥੇ ਸ਼ਹਿਰ ਵਿੱਚ ਪਾਰਾ 44 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਭਿਆਨਕ ਗਰਮੀ ਨੇ ਲੋਕਾਂ ਦਾ ਜ਼ਿਉਣਾ ਮੁਸ਼ਕਿਲ ਕੀਤਾ ਹੋਇਆ ਹੈ, ਉਥੇ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਨਾਲ ਇਲਾਕਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ, ਕੂਲਰ, ਪੱਖੇ ਅਤੇ ਹੋਰ ਜ਼ਰੂਰੀ ਸਹੂਲਤਾਂ ਤੋਂ ਵਾਂਝਾ ਰਹਿਣਾ ਪਿਆ। ਕਈ ਘਰਾਂ ਵਿੱਚ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਨੂੰ ਗਰਮੀ ਕਾਰਨ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਟਰਾਂਸਪੋਰਟ ਨਗਰ, ਆਰਕੇ ਰੋਡ, ਫੋਕਲ ਪੁਆਇੰਟ ਨਾਲ ਲੱਗਦੇ ਇਲਾਕਿਆਂ ਅਤੇ ਹੋਰ ਉਦਯੋਗਿਕ ਖੇਤਰਾਂ ਵਿੱਚ ਸਥਾਪਿਤ ਉਦਯੋਗਿਕ ਇਕਾਈਆਂ ਨੂੰ ਆਪਣੇ ਕਾਰਖਾਨੇ ਜਨਰੇਟਰਾਂ ਦੇ ਸਹਾਰੇ ਚਲਾਉਣੇ ਪਏ, ਜਿਸ ਨਾਲ ਉਨ੍ਹਾਂ ਦੇ ਉਤਪਾਦਨ ਖਰਚ ਵਿੱਚ ਵਾਧਾ ਹੋਇਆ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਲੰਬੇ ਬਿਜਲੀ ਕੱਟ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਅਤੇ ਕੰਮਕਾਜ ਸਮੇਂ ਸਿਰ ਪੂਰਾ ਕਰਨਾ ਮੁਸ਼ਕਲ ਬਣ ਗਿਆ।
---
ਗਰਿਡ ਦੀ ਖਰਾਬੀ ਨੇ ਵਧਾਈ ਲੋਕਾਂ ਦੀ ਪਰੇਸ਼ਾਨੀ
ਕੁਝ ਉਦਯੋਗਪਤੀਆਂ ਅਤੇ ਇਲਾਕਾ ਨਿਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਦੋਸ਼ ਲਗਾਇਆ ਕਿ ਬਿਜਲੀ ਬਹਾਲੀ ਸਬੰਧੀ ਜਾਣਕਾਰੀ ਲਈ ਸਬੰਧਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਬਾਰ-ਬਾਰ ਫੋਨ ਕੀਤੇ ਗਏ, ਪਰ ਜਾਂ ਤਾਂ ਫੋਨ ਨਹੀਂ ਚੁੱਕੇ ਗਏ ਜਾਂ ਫਿਰ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਲੋਕਾਂ ਨੇ ਮੰਗ ਕੀਤੀ ਕਿ ਬਿਜਲੀ ਵਿਭਾਗ ਵੱਲੋਂ ਅਜਿਹੇ ਮਾਮਲਿਆਂ ਵਿੱਚ ਸਮੇਂ-ਸਿਰ ਜਾਣਕਾਰੀ ਅਤੇ ਵਿਕਲਪਕ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਧਰ ਬਿਜਲੀ ਵਿਭਾਗ ਵੱਲੋਂ ਤਕਨੀਕੀ ਖਰਾਬੀ ਦੂਰ ਕਰਨ ਲਈ ਕੰਮ ਜਾਰੀ ਹੋਣ ਦੀ ਗੱਲ ਕਹੀ ਗਈ ਹੈ ਅਤੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਮਾਮਲੇ ਸੰਬਧੀ ਸੰਬਧਤ ਪੀਐਸਪੀਸੀਐਲ ਦੇ ਐਸਡੀਓ ਬੇਅੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗਰਿੱਡ ’ਚ ਆਈ ਤਕਨੀਕੀ ਖਰਾਬੀ ਨੂੰ ਠੀਕ ਕੀਤਾ ਜਾ ਰਿਹਾ ਹੈ, ਜਿਸ ’ਚ ਅਜੇ 3 ਘੰਟੇ ਦਾ ਸਮਾਂ ਹੋਰ ਲੱਗ ਸਕਦਾ ਹੈ।