ਘੂਕ ਸੁੱਤੇ ਪਰਿਵਾਰ ਦੇ 5 ਮੋਬਾਇਲ ਚੋਰੀ
ਘੂਕ ਨੀਂਦ ਵਿੱਚ ਸੁੱਤੇ ਪਏ ਪਰਿਵਾਰ ਦੀ ਮੌਜੂਦਗੀ ਵਿੱਚ 5 ਮੋਬਾਇਲ ਫੋਨ ਚੋਰੀ
Publish Date: Tue, 05 May 2026 09:46 PM (IST)
Updated Date: Wed, 06 May 2026 04:18 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਸ਼ਾਮ ਨਗਰ ਗਲੀ ਨੰਬਰ-7 ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਇੱਕ ਹੀ ਪਰਿਵਾਰ ਦੇ 4 ਮੈਂਬਰਾਂ ਦੇ ਕੁੱਲ 5 ਮੋਬਾਇਲ ਫੋਨ ਚੋਰੀ ਕਰ ਲਏ। ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਨ ਵਾਲੇ ਅਨਿਲ ਕੁਮਾਰ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਉਹ ਆਪਣੇ ਦੋ ਪੁੱਤਰਾਂ ਅਤੇ ਭਰਾ ਨਾਲ ਘਰ ਵਿੱਚ ਹੀ ਸੁੱਤੇ ਹੋਏ ਸਨ। ਦੇਰ ਰਾਤ ਉਸ ਦਾ ਬੇਟਾ ਟਾਈਮ ਦੇਖਣ ਲਈ ਉੱਠਿਆ। ਉਸ ਨੇ ਦੇਖਿਆ ਕਿ ਉਸ ਦਾ ਮੋਬਾਇਲ ਫੋਨ ਗਾਇਬ ਹੈ। ਇਸ ਤੋਂ ਬਾਅਦ ਜਦੋਂ ਉਸ ਨੇ ਆਪਣੇ ਛੋਟੇ ਭਰਾ ਦਾ ਫੋਨ ਚੈੱਕ ਕੀਤਾ ਤਾਂ ਉਹ ਵੀ ਨਹੀਂ ਮਿਲਿਆ।
ਦੋਵੇਂ ਲੜਕੇ ਤੁਰੰਤ ਆਪਣੇ ਪਿਤਾ ਦੇ ਕਮਰੇ ਵਿੱਚ ਗਏ ਅਤੇ ਉਨ੍ਹਾਂ ਦਾ ਫੋਨ ਵੀ ਗਾਇਬ ਸੀ। ਇੱਕ ਹੋਰ ਕਮਰੇ ਚੋਂ ਮੋਬਾਇਲ ਫੋਨ ਚੋਰੀ ਹੋ ਚੁੱਕਾ ਸੀ। ਇਸ ਤਰ੍ਹਾਂ ਚੋਰਾਂ ਨੇ ਕੁੱਲ 5 ਮੋਬਾਇਲ ਫੋਨ ਉਡਾ ਲਏ। ਹੋਰ ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਪਰਿਵਾਰ ਨੇ ਘਰ ਦੇ ਬਾਹਰ ਜਾਂਚ ਕੀਤੀ ਤਾਂ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਸੀ ਅਤੇ ਘਰ ਦਾ ਕੁੱਤਾ ਵੀ ਉੱਥੇ ਹੀ ਬੈਠਾ ਸੀ। ਪਰਿਵਾਰ ਨੇ ਦੱਸਿਆ ਕਿ ਸੰਭਾਵਨਾ ਇਹ ਹੈ ਕਿ ਚੋਰ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ ਅਤੇ ਚੁੱਪਚਾਪ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਮੰਗਲਵਾਰ ਸਵੇਰੇ ਪੀੜਿਤ ਪਰਿਵਾਰ ਨੇ ਥਾਣਾ ਡਿਵੀਜ਼ਨ ਨੰਬਰ- 5 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਚੋਰਾਂ ਦੀ ਤਲਾਸ਼ ਜਾਰੀ ਹੈ।