ਜਗਰਾਓਂ ਨਗਰ ਕੌਂਸਲ ਚੋਣਾਂ ’ਚ 47861 ਵੋਟਰ ਪਾਉਣਗੇ ਵੋਟਾਂ

ਸੰਜੀਵ ਗੁਪਤਾ, ਪੰਜਾਬੀ ਜਾਗਰਣ,
ਜਗਰਾਓਂ : ਜਗਰਾਓਂ ਨਗਰ ਕੌਂਸਲ ਚੋਣਾਂ ਲਈ ਸ਼ਹਿਰ ਦੇ 23 ਵਾਰਡਾਂ ਵਿਚ ਡਟੇ 100 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਸ਼ਹਿਰ ਦੇ 47861 ਵੋਟਰ ਵੋਟਾਂ ਪਾ ਕੇ ਕਰਨਗੇ। 23 ਵਾਰਡਾਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਜਦਕਿ ਅਕਾਲੀ ਦਲ ਵੱਲੋਂ 20, ਭਾਜਪਾ ਵੱਲੋਂ 17, ਬਸਪਾ ਵੱਲੋਂ 2 ਅਤੇ 15 ਆਜ਼ਾਦ ਵੀ ਇਨ੍ਹਾਂ ਚੋਣਾਂ ਵਿਚ ਕਿਸਮਤ ਅਜਮਾ ਰਹੇ ਹਨ।
-----
-ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ
ਜਗਰਾਓਂ ਨਗਰ ਕੌਂਸਲ ਚੋਣਾਂ ਲਈ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਵੋਟਾਂ ਦਾ ਕੰਮ ਸਮਾਪਤ ਹੋ ਜਾਵੇਗਾ। ਜਗਰਾਓਂ ਨਗਰ ਕੌਂਸਲ ਚੋਣਾਂ ਲਈ 47861 ਵੋਟਰ ਹਨ। ਜਿਨ੍ਹਾਂ ਵਿਚੋਂ 25020 ਮਹਿਲਾ ਵੋਟਰ, 22834 ਮਰਦ ਵੋਟਰ ਅਤੇ 7 ਤੀਜਾ ਜੈਂਡਰ ਵੋਟਰ, ਵੋਟਾਂ ਪਾਉਣਗੇ।
----
-ਤੀਜੀ ਅੱਖ ਦੇ ਪਹਿਰੇ ਵਿਚ ਹੋਵੇਗੀ ਵੋਟਿੰਗ
ਜਗਰਾਓਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਿੰਗ ’ਚ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ, ਲਈ ਤੀਜੀ ਅੱਖ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਾਈਕੋਰਟ ਵੱਲੋਂ ਪੋਲਿੰਗ ਸਟੇਸ਼ਨਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਚੋਣਾਂ ਵਿਚ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੀ ਸੁਰੱਖਿਆ ਨੂੰ ਲੈ ਕੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
-----
-ਬੈਲਟ ਪੇਪਰ ਰਾਹੀਂ ਪੈਣਗੀਆਂ ਵੋਟਾਂ
ਜਗਰਾਓਂ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਬੈਲਟ ਪੇਪਰਾਂ ’ਤੇ ਹੋਵੇਗੀ। ਇਸ ਵਾਰ ਕਈ ਪਾਰਟੀਆਂ ਵੱਲੋਂ ਵੋਟਿੰਗ ਈਵੀਐੱਮ ਮਸ਼ੀਨਾਂ ਰਾਹੀਂ ਪਾਈਆਂ ਜਾਣ ਦੀ ਮੰਗ ਕੀਤੀ ਗਈ ਸੀ ਪਰ ਇਹ ਮੰਗ ਅਧੂਰੀ ਰਹਿ ਗਈ। ਹੁਣ ਇਹ ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ। ਜਗਰਾਓਂ ਦੇ 23 ਵਾਰਡਾਂ ਵਿਚ ਚੋਣਾਂ ਲੜ ਰਹੇ 100 ਉਮੀਦਵਾਰਾਂ ਵਿਚੋਂ 85 ਉਮੀਦਵਾਰ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਬਸਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ, ਜਦਕਿ 15 ਆਜ਼ਾਦ ਵੱਖੋ ਵੱਖਰੇ ਜਾਰੀ ਚੋਣ ਨਿਸ਼ਾਨਾਂ ’ਤੇ ਚੋਣ ਲੜ ਰਹੇ ਹਨ।
-------
ਵੋਟਰ ਕਾਰਡ ਨਹੀਂ ਤਾਂ ਵੀ ਪਾਈ ਜਾ ਸਕੇਗੀ ਵੋਟ
ਜਗਰਾਓਂ ਨਗਰ ਕੌਂਸਲ ਚੋਣਾਂ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਨੁਸਾਰ ਜਿਨ੍ਹਾਂ ਵੋਟਰਾਂ ਕੋਲ ਵੋਟਰ ਕਾਰਡ ਨਹੀਂ ਹਨ, ਉਹ ਹੋਰ ਲੋੜੀਂਦੇ ਦਸਤਾਵੇਜ਼ ਦਿਖਾ ਕੇ ਵੋਟ ਪਾ ਸਕਦੇ ਹਨ ਪਰ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਨ੍ਹਾਂ ਹੋਰਾਂ ਦਸਤਾਵੇਜਾਂ ਨੂੰ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ।
1.ਆਧਾਰ ਕਾਰਡ,
2. ਭਾਰਤੀ ਪਾਸਪੋਰਟ
3.ਡਰਾਈਵਿੰਗ ਲਾਇਸੈਂਸ
4.ਫੋਟੋ ਵਾਲਾ ਪੈਨ ਕਾਰਡ
5. ਮਨਰੇਗਾ ਜੌਬ ਕਾਰਡ
6. ਰਾਸ਼ਨ ਕਾਰਡ/ਨੀਲਾ ਕਾਰਡ
7. ਫੋਟੋ ਵਾਲਾ ਅਸਲਾ ਲਾਇਸੈਂਸ
8. ਫੋਟੋ ਵਾਲਾ ਪੈਨਸ਼ਨ ਦਸਤਾਵੇਜ਼
9.ਫੋਟੋ ਵਾਲਾ ਆਜ਼ਾਦੀ ਘੁਲਾਟੀਏ ਪਛਾਣ ਪੱਤਰ,
10. ਕਿਸੇ ਵੀ ਬੈਂਕ, ਡਾਕਘਰ, ਸਿਹਤ ਬੀਮਾ, ਸਮਾਰਟ ਕਾਰਡ ਫੋਟੋ ਵਾਲਾ ਪਾਸ ਬੁੱਕ
11. ਐਮਪੀਜ਼ ਅਤੇ ਵਿਧਾਇਕਾਂ ਨੂੰ ਜਾਰੀ ਕੀਤਾ ਗਿਆ ਅਧਿਕਾਰਤ ਪਛਾਣ ਪੱਤਰ
12. ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਯੂਡੀਆਈਡੀ ਕਾਰਡ,
13. ਕੇਂਦਰ/ਰਾਜ ਸਰਕਾਰ/ਪੀਐੱਸਯੂ/ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋ ਵਾਲੇ ਸੇਵਾ ਪਛਾਣ ਪੱਤਰ।
14. ਮਾਨਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਦੁਆਰਾ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਫੋਟੋ ਪਛਾਣ ਪੱਤਰ ਸ਼ਾਮਲ ਹਨ।