ਮਜ਼ਦੂਰਾਂ ਦੀ ਤਨਖਾਹ ’ਚ 15 ਫੀਸਦੀ ਵਾਧਾ ਇਤਿਹਾਸਕ ਫੈਸਲਾ : ਅਜੇ ਮਿੱਤਲ
ਮਜ਼ਦੂਰਾਂ ਦੀ ਤਨਖਾਹ ‘ਚ 15 ਫੀਸਦੀ ਵਾਧਾ ਇਤਿਹਾਸਕ ਫੈਸਲਾ-ਅਜੇ ਮਿੱਤਲ
Publish Date: Sat, 02 May 2026 06:36 PM (IST)
Updated Date: Sun, 03 May 2026 04:14 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਲੇਬਰ ਬੋਰਡ ਪੰਜਾਬ ਦੇ ਮੈਂਬਰ ਅਜੇ ਮਿੱਤਲ ਨੇ ਮਜ਼ਦੂਰਾਂ ਦੀ ਮੂਲ ਤਨਖਾਹ ਵਿੱਚ 15 ਫੀਸਦੀ ਵਾਧਾ ਕਰਨ ਦੇ ਫੈਸਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਇਸਨੂੰ ਪੰਜਾਬ ਦੇ ਇਤਿਹਾਸ ਵਿੱਚ ਇਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਦੇ ਮੌਕੇ ਲਿਆ ਗਿਆ ਇਹ ਫੈਸਲਾ ਮਜ਼ਦੂਰ ਵਰਗ ਲਈ ਸਭ ਤੋਂ ਵੱਡਾ ਤੋਹਫ਼ਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 13 ਸਾਲਾਂ ਬਾਅਦ ਮਜ਼ਦੂਰਾਂ ਦੀ ਬੇਸਿਕ ਤਨਖਾਹ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਲੱਖਾਂ ਮਜ਼ਦੂਰਾਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਦੇ ਮੁਤਾਬਕ ਇਹ ਫੈਸਲਾ ਨਾ ਸਿਰਫ਼ ਮਜ਼ਦੂਰਾਂ ਦੀ ਆਰਥਿਕ ਹਾਲਤ ਮਜ਼ਬੂਤ ਕਰੇਗਾ, ਸਗੋਂ ਉਹਨਾਂ ਦੀ ਜੀਵਨ ਸ਼ੈਲੀ ਵਿੱਚ ਵੀ ਸੁਧਾਰ ਲਿਆਵੇਗਾ। ਅਜੇ ਮਿੱਤਲ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੇਬਰ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਹਮੇਸ਼ਾ ਮਜ਼ਦੂਰ ਵਰਗ ਦੀ ਭਲਾਈ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਰਫ਼ ਤਨਖਾਹ ਵਾਧਾ ਨਹੀਂ, ਸਗੋਂ ਮਜ਼ਦੂਰਾਂ ਦੀ ਮਿਹਨਤ ਅਤੇ ਹੱਕਾਂ ਦੀ ਕਦਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਵਰਗ ਸੂਬੇ ਦੀ ਤਰੱਕੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਤਰ੍ਹਾਂ ਦੇ ਫੈਸਲੇ ਮਜ਼ਦੂਰਾਂ ਵਿੱਚ ਨਵਾਂ ਵਿਸ਼ਵਾਸ ਪੈਦਾ ਕਰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਹੋਰ ਲੋਕ-ਹਿਤੈਸ਼ੀ ਕਦਮ ਚੁੱਕੇ ਜਾਣਗੇ।