ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਕੀਤਾ ਜਿਨਸੀ ਸ਼ੋਸ਼ਣ
13 ਸਾਲਾ ਦੀ ਨਾਬਾਲਿਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਕੀਤਾ ਜਿਨਸੀ ਸ਼ੋਸ਼ਣ
Publish Date: Sat, 18 Oct 2025 08:29 PM (IST)
Updated Date: Sat, 18 Oct 2025 08:29 PM (IST)

-ਲਗਾਤਾਰ ਤਿੰਨ ਦਿਨਾਂ ਤੱਕ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਭਾਮੀਆਂ ਖੁਰਦ ਇਲਾਕੇ ’ਚ ਰਹਿਣ ਵਾਲੀ ਕਰੀਬ 13 ਸਾਲ ਦੀ ਲੜਕੀ ਨੂੰ ਉਸ ਦੇ ਮੁਹੱਲੇ ਵਿੱਚ ਹੀ ਰਹਿਣ ਵਾਲਾ ਲੜਕਾ ਵਰਗਲਾ ਕੇ ਲੈ ਗਿਆ ਅਤੇ ਤਿੰਨ ਦਿਨ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਮੁਲਜ਼ਮ ਦੇ ਚੁੰਗਲ ’ਚੋਂ ਨਿਕਲ ਕੇ ਪੀੜਤਾ ਨੇ ਪਰਿਵਾਰ ਨੂੰ ਆਪਣੇ ਨਾਲ ਹੋਈ ਵਾਰਦਾਤ ਦੀ ਜਾਣਕਾਰੀ ਦਿੱਤੀ, ਤਾਂ ਇਹ ਮਾਮਲਾ ਥਾਣਾ ਜਮਾਲਪੁਰ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ। ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨ ’ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਰਜੁਨ ਕੁਮਾਰ ਖ਼ਿਲਾਫ਼ ਪਰਚਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਕਰੀਬ 13 ਸਾਲ ਦੀ ਲੜਕੀ 13 ਅਕਤੂਬਰ ਨੂੰ ਘਰੋਂ ਚਲੀ ਗਈ ਅਤੇ ਫਿਰ ਸ਼ਾਮ ਤੱਕ ਵਾਪਸ ਨਹੀਂ ਆਈ। ਉਨ੍ਹਾਂ ਆਪਣੇ ਪੱਧਰ ’ਤੇ ਲੜਕੀ ਦੀ ਕਾਫੀ ਭਾਲ ਕੀਤੀ ਪਰ ਦੋ ਤਿੰਨ ਦਿਨ ਲੱਭਣ ਦੇ ਬਾਵਜੂਦ ਕੋਈ ਸੁਰਾਗ ਹੱਥ ਨਾ ਲੱਗਾ। ਸ਼ਿਕਾਇਤਕਰਤਾ ਮੁਤਾਬਕ ਲਾਪਤਾ ਹੋਣ ਦੇ ਚੌਥੇ ਦਿਨ ਉਸ ਦੀ ਲੜਕੀ ਘਰ ਵਾਪਸ ਆਈ ਅਤੇ ਉਸ ਨੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਦੇ ਨਜ਼ਦੀਕ ਹੀ ਰਹਿਣ ਵਾਲਾ ਅਰਜੁਨ ਨਾਂ ਦਾ ਲੜਕਾ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਨਾਬਾਲਗਾ ਮੁਤਾਬਕ ਮੁਲਜ਼ਮ ਨੇ ਉਸ ਨੂੰ ਕਈ ਵਾਰ ਧਮਕਾ ਕੇ ਅਤੇ ਵਰਗਲਾ ਕੇ ਕਈ ਵਾਰ ਸਰੀਰਕ ਸਬੰਧ ਬਣਾਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।