ਚੋਰੀ ਦੇ ਮਾਮਲੇ ’ਚ ਟੈਕਸੀ ਡਰਾਈਵਰ ਨਾਮਜ਼ਦ
ਲੁਧਿਆਣਾ ਤੋਂ ਸ੍ਰੀਨਗਰ ਭੇਜੇ ਸਰਜੀਕਲ ਸਮਾਨ ‘ਚੋਂ 132 ਟਰੰਕਾਰ ਗਾਇਬ,
Publish Date: Tue, 28 Apr 2026 06:00 PM (IST)
Updated Date: Tue, 28 Apr 2026 06:04 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਪਿੰਡੀ ਗਲੀ ਇਲਾਕੇ ਵਿਚ ਸਥਿਤ ਇਕ ਦਵਾਈਆਂ ਦੇ ਕਾਰੋਬਾਰੀ ਨਾਲ ਜੁੜਿਆ ਚੋਰੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਰਜੀਕਲ ਸਮਾਨ ਦੀ ਸਪਲਾਈ ਦੌਰਾਨ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ੍ਰੀਨਗਰ ਭੇਜੇ ਗਏ ਕੀਮਤੀ ਮੈਡੀਕਲ ਸਾਮਾਨ ਵਿਚੋਂ ਗਾਇਬ ਹੋਣ ਨਾਲ ਕਾਰੋਬਾਰੀ ਵਰਗ ਵਿਚ ਵੀ ਚਿੰਤਾ ਪੈਦਾ ਹੋ ਗਈ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਪਿੰਡੀ ਗਲੀ ਲੁਧਿਆਣਾ ਦੇ ਨਾਰੰਗ ਟਾਵਰ ਵਿਚ ਸਥਿਤ ਐਡਵਿਲ ਫਾਰਮਾ ਸਿਊਟਿਕਲਜ਼ ਫਰਮ ਦੇ ਮਾਲਕ ਰਵਨੀਤ ਸਿੰਘ ਨੇ ਦੱਸਿਆ ਕਿ ਉਸ ਨੇ 21 ਅਪ੍ਰੈਲ ਨੂੰ ਆਪਣੀ ਫਰਮ ਵੱਲੋਂ 13 ਬਾਕਸ ਸਰਜੀਕਲ ਸਾਮਾਨ ਸ੍ਰੀਨਗਰ ਦੇ ਇਕ ਸਰਕਾਰੀ ਮੈਡੀਕਲ ਕਾਲਜ ਲਈ ਟੈਕਸੀ ਰਾਹੀਂ ਭੇਜੇ ਸਨ। ਇਹ ਸਾਮਾਨ ਉਸ ਦੇ ਮੈਨੇਜਰ ਵੱਲੋਂ ਭੇਜਿਆ ਗਿਆ ਸੀ ਅਤੇ ਡਿਲਿਵਰੀ ਦੀ ਜ਼ਿੰਮੇਵਾਰੀ ਟੈਕਸੀ ਡਰਾਈਵਰ ਨੂੰ ਸੌਂਪੀ ਗਈ ਸੀ। ਉਸ ਨੇ ਦੱਸਿਆ ਕਿ ਅਗਲੇ ਦਿਨ ਜਦੋਂ ਸਾਮਾਨ ਮੰਜ਼ਿਲ ‘ਤੇ ਪਹੁੰਚਿਆ ਤਾਂ ਉਥੇ ਸਿਰਫ਼ 11 ਬਾਕਸ ਹੀ ਮਿਲੇ, ਜਿਸ ਨਾਲ ਉਸ ਨੂੰ ਤੁਰੰਤ ਗੜਬੜ ਦਾ ਸ਼ੱਕ ਪਿਆ। ਹੋਰ ਜਾਂਚ ਕਰਨ ‘ਤੇ ਪਤਾ ਲੱਗਾ ਕਿ ਗਾਇਬ ਹੋਏ ਦੋ ਬਾਕਸਾਂ ਵਿਚ ਕੁੱਲ 132 ਟਰੰਕਾਰ ਸਨ। ਟਰੰਕਾਰ ਇਕ ਮਹੱਤਵਪੂਰਨ ਸਰਜੀਕਲ ਆਈਟਮ ਹੈ ਜੋ ਆਪਰੇਸ਼ਨਾਂ ਦੌਰਾਨ ਵਰਤੀ ਜਾਂਦੀ ਹੈ ਅਤੇ ਇਸ ਦੀ ਕੀਮਤ ਕਾਫ਼ੀ ਉੱਚੀ ਹੁੰਦੀ ਹੈ, ਜਿਸ ਕਾਰਨ ਇਹ ਨੁਕਸਾਨ ਕਾਫ਼ੀ ਵੱਡਾ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਿਨੀ ਰੋਜ਼ ਗਾਰਡਨ ਅਜੀਤ ਨਗਰ ਲੁਧਿਆਣਾ ਦਾ ਵਾਸੀ ਮਲਕੀਤ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ, ਜੋ ਟੈਕਸੀ ਡਰਾਈਵਰ ਹੈ। ਦੋਸ਼ ਹੈ ਕਿ ਉਸ ਨੇ ਹੀ ਸਮਾਨ ਵਿੱਚੋਂ ਦੋ ਬਾਕਸ ਚੋਰੀ ਕੀਤੇ। ਪੁਲਿਸ ਵੱਲੋਂ ਮਾਮਲੇ ਦੀ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰਕੇ ਗਾਇਬ ਸਮਾਨ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਮੈਡੀਕਲ ਸਪਲਾਈ ਪ੍ਰਣਾਲੀ ਵਿਚ ਲਾਪਰਵਾਹੀ ਅਤੇ ਸੁਰੱਖਿਆ ਦੀ ਕਮੀ ਨੂੰ ਵੀ ਉਜਾਗਰ ਕਰ ਦਿੱਤਾ ਹੈ।