ਰਿਲੇਸ਼ਨਸ਼ਿਪ ਮੈਨੇਜਰ ਦੇ ਅਹੁਦੇ ਲਈ ਪੀਏਯੂ ਦੇ 11 ਵਿਦਿਆਰਥੀਆਂ ਦੀ ਚੋਣ
ਰਿਲੇਸ਼ਨਸ਼ਿਪ ਮੈਨੇਜਰ ਦੇ ਅਹੁਦੇ ਲਈ ਪੀਏਯੂ ਦੇ 11 ਵਿਦਿਆਰਥੀਆਂ ਦੀ ਚੋਣ
Publish Date: Fri, 17 Apr 2026 06:01 PM (IST)
Updated Date: Fri, 17 Apr 2026 06:03 PM (IST)

ਸੰਸਥਾ ਰੁਜ਼ਗਾਰ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੀ ਤਿਆਰੀ ਲਈ ਨਿਰੰਤਰ ਯਤਨਸ਼ੀਲ-ਡਾ.ਗੋਸਲ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਜਾਰੀ ਪਲੇਸਮੈਂਟ ਗਤੀਵਿਧੀਆਂ ਵਿਚ ਉਸ ਸਮੇਂ ਅਹਿਮ ਪ੍ਰਗਤੀ ਸਾਹਮਣੇ ਆਈ ਜਦੋਂ ਆਈਸੀਆਈਸੀਆਈ ਬੈਂਕ ਵਿਚ ਰਿਲੇਸ਼ਨਸ਼ਿਪ ਮੈਨੇਜਰ ਦੇ ਅਹੁਦੇ ਦੀ ਨੌਕਰੀ ਲਈ 11 ਵਿਦਿਆਰਥੀਆਂ ਦੀ ਚੋਣ ਹੋਈ। ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਦੇ 45 ਵਿਦਿਆਰਥੀਆਂ ਨੇ ਭਰਤੀ ਲਈ ਇਸ ਪ੍ਰਣਾਲੀ ਵਿਚ ਹਿੱਸਾ ਲਿਆ ਸੀ ਜਿਨ੍ਹਾਂ ਵਿਚੋਂ 11 ਵਿਦਿਆਰਥੀਆਂ ਨੂੰ ਅੰਤਿਮ ਪਲੇਸਮੈਂਟ ਚੁਣਿਆ ਗਿਆ ਹੈ। ਚੁਣੇ ਗਏ ਉਮੀਦਵਾਰਾਂ ਵਿੱਚੋਂ 9 ਵਿਦਿਆਰਥੀ ਬੀਐੱਸਸੀ (ਖੇਤੀਬਾੜੀ), ਇੱਕ ਬੀਐਸਸੀ. (ਬਾਗਬਾਨੀ) ਅਤੇ ਇਕ ਬੀਐਸਸੀ (ਐਗਰੀ ਬਿਜ਼ਨਸ ਮੈਨੇਜਮੈਂਟ) ਨਾਲ ਸਬੰਧਤ ਹਨ। ਪੀਏਯੂ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਚੁਣੇ ਗਏ ਉਮੀਦਵਾਰਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਸਰਕਾਰੀ ਅਤੇ ਨਿੱਜੀ ਖੇਤਰ ਵਿਚ ਰੁਜ਼ਗਾਰ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੀ ਤਿਆਰੀ ਲਈ ਨਿਰੰਤਰ ਯਤਨਸ਼ੀਲ ਹੈ। ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੁਹਰਾਇਆ ਕਿ ਡਾਇਰੈਕਟੋਰੇਟ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਵਚਨਬੱਧ ਹੈ, ਜਿਸਦਾ ਮੁੱਖ ਧਿਆਨ ਸਿਖਰਲੀਆਂ ਸੰਸਥਾਵਾਂ ਵਿਚ ਰੁਜ਼ਗਾਰ ਦੇ ਮੱਦੇਨਜ਼ਰ ਜ਼ਰੂਰੀ ਹੁਨਰ ਦਾ ਵਿਕਾਸ ਹੈ। ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਨੇ ਕਿਹਾ ਕਿ ਆਈਸੀਆਈਸੀਆਈ ਬੈਂਕ ਵਿੱਚ ਪਲੇਸਮੈਂਟ ਪ੍ਰਾਪਤ ਕਰਨਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਨੋਬਲ ਵਧਾਉਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਪਲੇਸਮੈਂਟ ਸੈੱਲ ਕਾਰਪੋਰੇਟ ਸੈਕਟਰ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਉਦਯੋਗਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਗੁਰਪ੍ਰੀਤ ਸਿੰਘ, ਭਲਾਈ ਅਫ਼ਸਰ (ਲੜਕੇ) ਨੇ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਇਆ ਅਤੇ ਡਾ. ਨਵਨੀਤ ਗਿੱਲ, ਸਹਾਇਕ ਪ੍ਰੋਫੈਸਰ, ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਆਈਸੀਆਈਸੀਆਈ ਅਤੇ ਪੀਏਯੂ ਪਲੇਸਮੈਂਟ ਸੈੱਲ ਵਿਚਕਾਰ ਕੜੀ ਵਜੋਂ ਕੰਮ ਕੀਤਾ।