ਆਪ੍ਰੇਸ਼ਨ ਥੀਏਟਰ ਦੇ ਬਾਹਰੋਂ ਮੋਬਾਈਲ ਚੋਰੀ ਕਰਨ ਵਾਲਾ ਕਾਬੂ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ,
Publish Date: Thu, 23 Apr 2026 11:17 PM (IST)
Updated Date: Fri, 24 Apr 2026 04:14 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਡੀਐੱਮਸੀ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦੇ ਬਾਹਰ ਚਾਰਜਿੰਗ ’ਤੇ ਲੱਗਾ ਇਕ ਮੋਬਾਈਲ ਫੋਨ ਚੋਰੀ ਹੋ ਗਿਆ। ਹਾਲਾਂਕਿ ਲੋਕਾਂ ਨੇ ਮੋਬਾਈਲ ਚੋਰੀ ਕਰਨ ਵਾਲੇ ਨੌਜਵਾਨ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਪਿੰਡ ਦਹੇੜੂ ਵਾਸੀ ਚੰਦਨਦੀਪ ਸਿੰਘ ਦੇ ਰੂਪ ’ਚ ਹੋਈ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਸ਼ਿਆਰਪੁਰ ਵਾਸੀ ਅਮਰਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਆਪ੍ਰੇਸ਼ਨ ਦੇ ਸਿਲਸਿਲੇ ’ਚ 20 ਅਪ੍ਰੈਲ ਨੂੰ ਹਸਪਤਾਲ ਪਹੁੰਚੀ ਸੀ। ਉਸ ਨਾਲ ਉਸ ਦਾ ਭਤੀਜਾ ਆਕਾਸ਼ਦੀਪ ਸਿੰਘ ਵੀ ਮੌਜੂਦ ਸੀ। ਆਪ੍ਰੇਸ਼ਨ ਥੀਏਟਰ ਦੇ ਬਾਹਰ ਇੰਤਜ਼ਾਰ ਕਰਦੇ ਸਮੇਂ ਮੋਬਾਈਲ ਦੀ ਬੈਟਰੀ ਘੱਟ ਹੋਣ ’ਤੇ ਉਸ ਨੇ ਆਪਣਾ ਫੋਨ ਉੱਥੇ ਲੱਗੇ ਚਾਰਜਿੰਗ ਪੁਆਇੰਟ ’ਤੇ ਲਾ ਦਿੱਤਾ। ਇਸ ਦੌਰਾਨ ਉਹ ਕੁਝ ਸਮੇਂ ਲਈ ਕਿਤੇ ਚਲੀ ਗਈ, ਜਦੋਂਕਿ ਉਸ ਦਾ ਭਤੀਜਾ ਵੀ ਕਿਸੇ ਜ਼ਰੂਰੀ ਕੰਮ ਲਈ ਉੱਥੋਂ ਹਟ ਗਿਆ, ਜਦੋਂ ਅਮਰਜੀਤ ਕੌਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਮੋਬਾਈਲ ਫੋਨ ਉੱਥੋਂ ਗਾਇਬ ਸੀ। ਉਸ ਨੇ ਤੁਰੰਤ ਆਸ-ਪਾਸ ਮੌਜੂਦ ਲੋਕਾਂ ਨਾਲ ਪੁੱਛਗਿੱਛ ਕੀਤੀ। ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਚੈੱਕ ਸ਼ਰਟ ਪਹਿਨਿਆ ਇਕ ਨੌਜਵਾਨ ਨੇ ਚਾਰਜਿੰਗ ’ਤੇ ਲੱਗੇ ਫੋਨ ਨੂੰ ਕੱਢਿਆ ਤੇ ਮੌਕੇ ਤੋਂ ਚਲਾ ਗਿਆ। ਜਾਣਕਾਰੀ ਮਿਲਣ ’ਤੇ ਪੁਲਿਸ ਨੇ ਹਸਪਤਾਲ ਦੇ ਕੰਪਲੈਕਸ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਤੇ ਸ਼ੱਕੀ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਕਤ ਮੋਬਾਈਲ ਬਰਾਮਦ ਕੀਤਾ ਗਿਆ।