ਝਪਟਮਾਰੀ ਕਰ ਕੇ ਭੱਜ ਰਹੇ ਬਦਮਾਸ਼ਾਂ ਦੀ ਬਾਈਕ ਨਾਲ ਬੱਚਾ ਜ਼ਖਮੀ, 1 ਕਾਬੂ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ,
Publish Date: Sun, 29 Mar 2026 10:03 PM (IST)
Updated Date: Mon, 30 Mar 2026 04:13 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਗਣੇਸ਼ ਨਗਰ ਰੋਡ ਤੇ ਸ਼ਨੀਵਾਰ ਸ਼ਾਮ ਦੇ ਸਮੇਂ ਇਕ ਵੱਡਾ ਹਾਦਸਾ ਵਾਪਰਿਆ, ਜਦੋਂ ਝਪਟਮਾਰੀ ਤੋਂ ਬਾਅਦ ਭੱਜ ਰਹੇ 3 ਬਦਮਾਸ਼ਾਂ ਦੀ ਬਾਈਕ ਨੇ ਇਕ ਬੱਚੇ ਨੂੰ ਟੱਕਰ ਮਾਰ ਦਿੱਤੀ। ਇਹ ਬਦਮਾਸ਼ ਇਕ ਵਿਅਕਤੀ ਦਾ ਮੋਬਾਈਲ ਖੋਹ ਕੇ ਫਰਾਰ ਹੋ ਰਹੇ ਸਨ, ਜਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਬਾਈਕ ਸੜਕ ਦੇ ਕਿਨਾਰੇ ਖੜ੍ਹੇ ਬੱਚੇ ਨਾਲ ਟੱਕਰ ਮਾਰ ਗਈ। ਇਸ ਹਾਦਸੇ ’ਚ ਬੱਚਾ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ। ਚਸ਼ਮਦੀਦਾਂ ਅਨੁਸਾਰ ਟੱਕਰ ਮਾਰਨ ਦੇ ਬਾਅਦ ਬਾਈਕ ਸਵਾਰ ਆਪਣਾ ਸੰਤੁਲਨ ਖੋਹ ਬੈਠੇ ਤੇ ਬਾਈਕ ਸਮੇਤ ਸੜਕ ’ਤੇ ਡਿੱਗ ਗਏ। ਇਸ ਦੌਰਾਨ 2 ਦੋਸ਼ੀ ਮੌਕੇ ਤੋਂ ਫਰਾਰ ਹੋ ਗਏ, ਜਦਕਿ ਇਕ ਝਪਟਮਾਰ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ। ਗੁੱਸੇ ਚ ਆਏ ਲੋਕਾਂ ਨੇ ਉਸ ਦੀ ਚੰਗੀ ਤਰ੍ਹਾਂ ਛਿੱਤਰ-ਪਰੇਡ ਕਰ ਦਿੱਤੀ। ਜ਼ਖਮੀ ਬੱਚੇ ਆਯੁਸ਼ ਨੇ ਦੱਸਿਆ ਕਿ ਉਹ ਗਣੇਸ਼ ਨਗਰ ਰੋਡ ’ਤੇ ਖੜ੍ਹਾ ਸੀ, ਜਦੋਂ ਪਿੱਛੇ ਤੋਂ ਆਈ ਤੇਜ਼ ਰਫ਼ਤਾਰ ਬਾਈਕ ਨੇ ਉਸ ਨੂੰ ਟੱਕਰ ਮਾਰੀ। ਹਾਦਸੇ ’ਚ ਉਸ ਦੀ ਬਾਂਹ ਤੇ ਲੱਤ ਤੇ ਗੰਭੀਰ ਸੱਟਾਂ ਲੱਗੀਆਂ। ਖੂਨ ਨਾਲ ਲੱਥਪਥ ਹਾਲਤ ’ਚ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨੇ ਪੁੱਛਗਿੱਛ ’ਚ ਦੱਸਿਆ ਕਿ ਉਹ ਸਲੇਮ ਟਾਬਰੀ ਇਲਾਕੇ ਦਾ ਰਹਿਣ ਵਾਲਾ ਹੈ ਤੇ ਆਪਣੇ 2 ਸਾਥੀਆਂ ਨਾਲ ਮਿਲ ਕੇ ਝਪਟਮਾਰੀ ਕਰਨ ਆਇਆ ਸੀ। ਉਸ ਦੇ ਦੋਨੋਂ ਸਾਥੀ ਮੌਕੇ ਤੋਂ ਫਰਾਰ ਹੋ ਗਏ ਹਨ। ਮੌਕੇ ’ਤੇ ਮਿਲੀ ਬਾਈਕ ਦੀ ਫਰੰਟ ਨੰਬਰ ਪਲੇਟ ਡਬਲ ਲੱਗੀ ਹੋਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਬਦਮਾਸ਼ ਫਰਜ਼ੀ ਨੰਬਰ ਪਲੇਟ ਲਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਘਟਨਾ ਦੀ ਜਾਣਕਾਰੀ ਮਿਲਣ ਦੇ ਲੱਗਭਗ ਇਕ ਘੰਟੇ ਬਾਅਦ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਬਾਈਕ ਨੂੰ ਕਬਜ਼ੇ ’ਚ ਲੈ ਲਿਆ ਹੈ। ਫਰਾਰ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਮੇਂ ਮਾਮਲੇ ਦੀ ਜਾਂਚ ਜਾਰੀ ਹੈ।