ਮੀਂਹ-ਹਨੇਰੀ ਕਾਰਨ ਬੱਤੀ ਰਹੀ ਗੁਲ, ਲੋਕਾਂ ਨੂੰ ਪਾਣੀ ਲਈ ਹੋਈ ਪਰੇਸ਼ਾਨੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sun, 29 Mar 2026 09:53 PM (IST)
Updated Date: Mon, 30 Mar 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਸ਼•ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਪ੍ਰਬੰਧ ਪ੍ਰਭਾਵਿਤ ਹੋ ਗਏ। ਇਸ ਹਨੇਰੀ ਤੇ ਮੀਂਹ ਕਾਰਨ ਕਈ ਥਾਵਾਂ ’ਤੇ ਟਰਾਂਸਫਾਰਮਰ ਤੇ 10 ਫੀਡਰਾਂ ’ਚ ਖਰਾਬੀ ਆ ਗਈ, ਜਦੋਂਕਿ ਕੁਝ ਥਾਵਾਂ ’ਤੇ ਬਿਜਲੀ ਦੀ ਤਾਰਾਂ ਟੁੱਟਣ ਕਾਰਨ ਸਪਲਾਈ ਰੁਕ ਗਈ। ਇਸ ਕਾਰਨ ਲੋਕਾਂ ਨੂੰ ਸਵੇਰੇ 6 ਤੋਂ 11 ਵਜੇ ਤੱਕ ਚਾਰ ਤੋਂ ਪੰਜ ਘੰਟੇ ਤੱਕ ਬਿਜਲੀ ਦੀ ਕਟੌਤੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਢੰਡਾਰੀ ਦੇ ਆਜ਼ਾਦ ਨਗਰ ਦੇ ਲੋਕਾਂ ਨੇ ਬਿਜਲੀ ਗੁੱਲ ਹੋਣ ਤੇ ਪਾਣੀ ਨਾ ਆਉਣ ਕਾਰਨ ਰੋਸ਼ ਪ੍ਰਦਰਸ਼ਨ ਕੀਤਾ। ਢੰਡਾਰੀ, ਜਮਾਲਪੁਰ, ਤਾਜਪੁਰ ਰੋਡ, ਸ਼ਿਮਲਾਪੁਰੀ, ਸਲੇਮ ਟਾਬਰੀ, ਅਸ਼ੋਕ ਨਗਰ, ਕਰਾਬਰਾ ਚੌਕ, ਫੁਲਾਂਵਾਲ, ਧਾਂਦਰਾ ਰੋਡ, ਹੈਬੋਵਾਲ, ਨਾਨਕ ਨਗਰ, ਮਨੋਹਰ ਨਗਰ, ਗਿੱਲ ਰੋਡ, ਜਨਤਾ ਨਗਰ, ਦਸ਼ਮੇਸ਼ ਨਗਰ ਤੇ ਅਰਬਨ ਵਿਹਾਰ, ਸਿਵਲ ਲਾਇਨਜ਼, ਜਵਾਹਰ ਨਗਰ ਸਮੇਤ ਕਈ ਇਲਾਕਿਆਂ ’ਚ ਐਤਵਾਰ ਸਵੇਰੇ ਬਿਜਲੀ ਬੰਦ ਰਹੀ। ਅਚਾਨਕ ਬੱਤੀ ਗੁੱਲ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਾਸ ਕਰ ਕੇ ਸਵੇਰੇ ਪਾਣੀ ਦੀ ਸਪਲਾਈ ਰੁਕ ਜਾਣ ਕਾਰਨ ਘਰੇਲੂ ਕੰਮਕਾਜ ਪ੍ਰਭਾਵਿਤ ਹੋਇਆ। ਕਈ ਘਰਾਂ ’ਚ ਮੋਟਰ ਨਾ ਚੱਲਣ ਕਾਰਨ ਪਾਣੀ ਦੀ ਕਮੀ ਹੋ ਗਈ, ਜਿਸ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਤੇ ਹੋਰ ਜਰੂਰੀ ਕੰਮਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਢੰਡਾਰੀ ਵਾਸੀ ਅਸ਼ੋਕ ਸ਼ਰਮਾ, ਮਨੋਹਰ ਵਰਮਾ ਤੇ ਜਨਤਾ ਨਗਰ ਵਾਸੀ ਵਿਕਾਸ ਨੇ ਦੱਸਿਆ ਕਿ ਸਵੇਰੇ ਬੱਤੀ ਗੁੱਲ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਘਰ ’ਚ ਕੰਮਕਾਜ ਤੇ ਪੀਣ ਲਈ ਪਾਣੀ ਦੀ ਕਮੀ ਹੋ ਗਈ। ਦੁਪਹਿਰ ਦੇ ਬਾਅਦ ਪਾਣੀ ਆਇਆ, ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੀ। ਦੂਜੇ ਪਾਸੇ, ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤੇਜ਼ ਹਵਾ ਤੇ ਮੀਂਹ ਕਾਰਨ ਕਈ ਥਾਵਾਂ ਤੇ ਤਕਨੀਕੀ ਫਾਲਟ ਆ ਗਏ ਸਨ। ਕੁਝ ਥਾਵਾਂ ’ਤੇ ਦਰੱਖਤਾਂ ਦੀਆਂ ਟਹਿਣੀਆਂ ਬਿਜਲੀ ਦੀਆਂ ਲਾਈਨਾਂ ’ਤੇ ਡਿੱਗ ਗਈਆਂ, ਜਿਸ ਨਾਲ ਸਪਲਾਈ ਰੁਕ ਗਈ। ਕਰਮਚਾਰੀਆਂ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਫਾਲਟ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਪਰ ਮੌਸਮ ਖਰਾਬ ਹੋਣ ਕਾਰਨ ਮਰੰਮਤ ਦੇ ਕੰਮ ’ਚ ਸਮਾਂ ਲੱਗਾ। ਅਧਿਕਾਰੀਆਂ ਨੇ ਦੱਸਿਆ ਕਿ ਲੱਗਭਗ ਤਿੰਨ ਤੋਂ ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ ’ਚ ਬਿਜਲੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਗਈ। ਦੁਪਹਿਰ ਦੇ ਬਾਅਦ ਸਥਿਤੀ ਆਮ ਹੋਣ ਲੱਗੀ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਤੇ ਪਾਣੀ ਦੀ ਸਪਲਾਈ ਵੀ ਸ਼ੁਰੂ ਹੋ ਗਈ।