ਕੇਂਦਰੀ ਜੇਲ ’ਚ ਤਲਾਸ਼ੀ ਦੌਰਾਨ ਤੰਬਾਕੂ ਬਰਾਮਦ
ਲੁਧਿਆਣਾ, ਸੰਵਾਦ ਸਹਿਯੋਗੀ, ਜਾਗਰਣ
Publish Date: Tue, 24 Mar 2026 09:48 PM (IST)
Updated Date: Wed, 25 Mar 2026 04:11 AM (IST)

ਲੁਧਿਆਣਾ, ਸੰਵਾਦ ਸਹਿਯੋਗੀ, ਜਾਗਰਣ : ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ’ਚ ਤਾਇਨਾਤ ਪੈਸਕੋ ਮੁਲਾਜ਼ਮ ਨੂੰ ਪੁਲਿਸ ਨੇ ਇਕ ਹਵਾਲਤੀ ਨੂੰ ਤੰਬਾਕੂ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪੈਸਕੋ ਮੁਲਾਜ਼ਮ ਬੂਟਾ ਸਿੰਘ ਤੇ ਹਵਾਲਤੀ ਬੂਟਾ ਖਾਨ ਦੇ ਰੂਪ ’ਚ ਹੋਈ ਹੈ। ਜੇਲ ਮੈਨੇਜਮੈਂਟ ਦੀ ਜਾਣਕਾਰੀ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਦੋਵਾਂ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਪੁਲਿਸ ਨੇ ਸਹਾਇਕ ਸੁਪਰਿਟੈਂਡੈਂਟ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਹੈ। ਪੁਲਿਸ ਅਨੁਸਾਰ 23 ਮਾਰਚ ਨੂੰ ਕੇਂਦਰੀ ਜੇਲ ’ਚ ਤਲਾਸ਼ੀ ਮੁਹਿੰਮ ਚੱਲ ਰਹੀ ਸੀ, ਜਿੱਥੇ ਸ਼ੱਕ ਦੇ ਆਧਾਰ ’ਤੇ ਪੈਸਕੋ ਮੁਲਾਜ਼ਮ ਨੂੰ ਰੋਕ ਕੇ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਉਸ ਤੋਂ 100 ਗ੍ਰਾਮ ਤੰਬਾਕੂ ਮਿਲਿਆ, ਜਿਸ ਤੋਂ ਬਾਅਦ ਜੇਲ ਗਾਰਦ ਨੇ ਜੇਲ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ, ਜਦੋਂ ਅਧਿਕਾਰੀਆਂ ਨੇ ਮੁਲਾਜ਼ਮ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਉਸ ਨੇ ਇਹ ਤੰਬਾਕੂ ਜੇਲ ’ਚ ਬੰਦ ਕੈਦੀ ਬੂਟਾ ਖਾਨ ਨੂੰ ਦੇਣਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਸਮੇਂ ਦੋਹਾਂ ਨੂੰ ਕੇਸ ’ਚ ਨਾਮਜ਼ਦ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਮੁਲਾਜ਼ਮ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ ਤੇ ਉਸ ਨਾਲ ਹੋਰ ਕਿੰਨੇ ਲੋਕ ਸ਼ਾਮਲ ਹਨ, ਜੇਕਰ ਇਸ ’ਚ ਕਿਸੇ ਹੋਰ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।