ਜ਼ਿਲ੍ਹਾ ਪ੍ਰੀਸ਼ਦ ਲਈ 44 ਤੇ ਬਲਾਕ ਸੰਮਤੀਆਂ ਲਈ 278 ਉਮੀਦਵਾਰ ਚੋਣ ਮੈਦਾਨ ’ਚ ਬਚੇ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 2025
Publish Date: Sat, 06 Dec 2025 09:15 PM (IST)
Updated Date: Sat, 06 Dec 2025 09:18 PM (IST)

ਜ਼ਿਲ੍ਹਾ ਪ੍ਰੀਸ਼ਦ ਲਈ 15 ਤੇ ਬਲਾਕ ਸੰਮਤੀਆਂ ਲਈ 124 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਜ਼ਿਲ੍ਹਾ ਪ੍ਰੀਸ਼ਦ ਲਈ 44 ਤੇ ਬਲਾਕ ਸੰਮਤੀਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 44 ਉਮੀਦਵਾਰ ਮੈਦਾਨ ਵਿਚ ਹਨ ਜਦਕਿ 5 ਬਲਾਕ ਸੰਮਤੀਆਂ ਦੇ 88 ਜ਼ੋਨਾਂ ਲਈ 278 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਇਨ੍ਹਾਂ ਵਿਚ ਬਲਾਕ ਸੰਮਤੀ ਕਪੂਰਥਲਾ ਲਈ 59, ਫੱਤੂਢੀਂਗਾ ਲਈ 39, ਨਡਾਲਾ ਲਈ 50, ਫਗਵਾੜਾ ਲਈ 85 ਤੇ ਸੁਲਤਾਨਪੁਰ ਲੋਧੀ ਲਈ 45 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਦੱਸਣਯੋਗ ਹੈ ਕਿ ਨਾਮਜ਼ਦਗੀ ਵਾਪਸ ਲੈਣ ਸਮੇਂ ਜ਼ਿਲ੍ਹਾ ਪ੍ਰੀਸ਼ਦ ਲਈ 15 ਤੇ ਬਲਾਕ ਸੰਮਤੀਆਂ ਲਈ 124 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਮਿਤੀ 14.12.2025 (ਐਤਵਾਰ) ਨੂੰ ਸਵੇਰੇ 8:00 ਵਜੇ ਤੋਂ ਸ਼ਾਮ ਦੇ 4:00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17.12.2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ `ਤੇ ਹੋਵੇਗੀ।