ਮਾਘੀ ਦਿਹਾੜੇ ਮੌਕੇ ਨੌਜਵਾਨਾਂ ਨੇ ਖੂਬ ਕੀਤੀ ਪਤੰਗਬਾਜ਼ੀ
ਮਾਘੀ ਦੇ ਦਿਹਾੜੇ ਮੌਕੇ ਨੌਜਵਾਨਾਂ ਖੂਬ ਕੀਤੀ ਪਤੰਗਬਾਜ਼ੀ
Publish Date: Wed, 14 Jan 2026 08:00 PM (IST)
Updated Date: Thu, 15 Jan 2026 04:12 AM (IST)

* ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਚੋਰੀ ਛਿਪੇ ਹੋਈ ਚਾਈਨਾ ਡੋਰ ਦੀ ਖ਼ਰੀਦਦਾਰੀ ਕੈਪਸ਼ਨ : 14ਕੇਪੀਟੀ8 ਮਾਘੀ ਦੇ ਮੌਕੇ ਪਤੰਗਾਂ ਦੀ ਖਰੀਦਦਾਰੀ ਕਰਦੇ ਹੋਏ ਬੱਚੇ । ਕੈਪਸ਼ਨ : 14ਕੇਪੀਟੀ9 ਘਰ ਦੀ ਛੱਤ ਤੇ ਨੌਜਵਾਨਾਂ ਦਾ ਇੱਕ ਟੋਲਾ ਪਤੰਗ ਉਡਾਉਣ ਦੀ ਤਿਆਰੀ ਕਰਦਾ ਹੋਇਆ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਘੀ ਦੀ ਸੰਗਰਾਂਦ ਮੌਕੇ ਅੱਜ ਪਾਵਨ ਨਗਰੀ ’ਚ ਨੌਜਵਾਨਾਂ ਨੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਪਤੰਗ ਉਡਾਉਣੇ ਸ਼ੁਰੂ ਕਰ ਦਿੱਤੇ। ਕਿਤੇ ਡੀਜੇ ਦੀ ਧੁੰਨ ਤੇ ਉੱਚੀ ਆਵਾਜ਼ਾਂ ’ਚ ਨੌਜਵਾਨਾਂ ਨੇ ਗਾਣੇ ਲਗਾਏ ਹੋਏ ਸਨ ਤੇ ‘ਆਈ ਬੋ, ਆਈ ਬੋ, ਓਹ ਗਈ’ ਦੀਆਂ ਉੱਚੀ-ਉੱਚੀ ਆਵਾਜ਼ਾਂ ’ਚ ਨੌਜਵਾਨਾਂ ਨੇ ਇਕ-ਦੂਜੇ ਦੀ ਪਤੰਗ ਕੱਟ ਕੇ ਖੁਸ਼ੀ ਮਨਾਈ ਤੇ ਭੰਗੜੇ ਵੀ ਪਾਏ। ਪਤੰਗਬਾਜ਼ੀ ਦੇ ਇਸ ਦੌਰ ’ਚ ਚਾਈਨਾ ਡੋਰ ’ਤੇ ਪਾਬੰਦੀ ਲੱਗਣ ਦੇ ਏਐੱਸਪੀ ਧੁਰੇਂਦਰ ਵਰਮਾ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵੱਲੋਂ ਦਿੱਤੇ ਗਏ ਸਖ਼ਤ ਹੁਕਮਾਂ ’ਤੇ ਐੱਸਐੱਚਓ ਇੰਸਪੈਕਟਰ ਸੋਨਮਦੀਪ ਕੌਰ ਦੀ ਨਿਗਰਾਨੀ ਦੇ ਬਾਵਜੂਦ ਕਈ ਥਾਈਂ ਚੋਰੀ ਛਿਪੇ ਚਾਈਨਾ ਡੋਰ ਦੀ ਖੂਬ ਵਿਕਰੀ ਹੋਈ। ਚਾਈਨਾ ਡੋਰ ਨੂੰ ਕਿਸੇ ਵੀ ਕੀਮਤ ’ਤੇ ਵੇਚਣ ਨਾ ਦੇਣ ਦੇ ਮੂਡ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਚਾਈਨਾ ਡੋਰ ਦੇ ਗੱਟੂਆਂ ਨੂੰ ਬਰਾਮਦ ਵੀ ਕੀਤਾ ਸੀ, ਜਿਸ ਦੇ ਡਰ ਵਜੋਂ ਦੁਕਾਨਦਾਰਾਂ ਵੱਲੋਂ ਚੋਰੀ ਛਿਪੇ ਸਿਰਫ ਵਾਕਫ ਵਿਅਕਤੀ ਨੂੰ ਹੀ ਚਾਈਨਾ ਡੋਰ ਲਕੋ ਕੇ ਦਿੱਤੀ ਜਾ ਰਹੀ ਸੀ। ਲੋਹੜੀ ਤੇ ਮਾਘੀ ਦੀ ਸੰਗਰਾਂਦ ਮੌਕੇ ਦੁਕਾਨਦਾਰਾਂ ਵੱਲੋਂ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੀਆਂ ਰੰਗ-ਬਿਰੰਗੀਆਂ ਪਤੰਗਾਂ ਦਾ ਸਟਾਕ ਕੀਤਾ ਹੋਇਆ ਸੀ। ਪਤੰਗ ਖਰੀਦਣ ਵਿੱਚ ਜਿੱਥੇ ਕਈ ਜਗ੍ਹਾ ਨੌਜਵਾਨ ਦੇਖੇ ਗਏ ਉੱਥੇ ਛੋਟੇ ਛੋਟੇ ਬੱਚਿਆਂ ਵੱਲੋਂ ਵੀ ਪਤੰਗਾਂ ਅਤੇ ਡੋਰ ਦੀ ਖੂਬ ਖਰੀਦਦਾਰੀ ਕੀਤੀ ਗਈ। ਕੁਝ ਦੁਕਾਨਦਾਰਾਂ ਵੱਲੋਂ ਪਤੰਗ ਖਰੀਦਣ ਮੌਕੇ ਆਏ ਬੱਚਿਆਂ ਅਤੇ ਨੌਜਵਾਨਾਂ ਨੂੰ ਸਾਫ ਤੌਰ ਤੇ ਚਾਈਨਾ ਡੋਰ ਵੇਚਣ ਤੋਂ ਨਾਂਹ ਕੀਤੀ ਗਈ ਤੇ ਕਿਹਾ ਕਿ ਅਸੀਂ ਸਿਰਫ ਆਪਣੀ ਹੀ ਹੱਥ ਨਾਲ ਤਿਆਰ ਕੀਤੀ ਵਧੀਆ ਮਾਂਝੇ ਦੀ ਡੋਰ ਵੇਚਦੇ ਹਾਂ ।ਪਤੰਗਬਾਜ਼ੀ ਦੇ ਇਸ ਮੁਕਾਬਲੇ ਵਿੱਚ ਅੱਜ ਸਵੇਰ ਵੇਲੇ ਤੋਂ ਹੀ ਸੂਰਜ ਦੇਵਤਾ ਵੱਲੋਂ ਦਰਸ਼ਨ ਦੇਣ ਤੇ ਪੂਰਾ ਨੀਲਾ ਅਸਮਾਨ ਰੰਗ ਬਿਰੰਗੇ ਪਤੰਗਾਂ ਨਾਲ ਛਾ ਗਿਆ ।ਆਪਣੇ ਦੋਸਤਾਂ ਨਾਲ ਟੋਲੀਆਂ ਬਣਾ ਕੇ ਖੂਬ ਪਤੰਗਾ ਉਡਾਉਣ ਦਾ ਇਹ ਸਿਲਸਿਲਾ ਦੇਰ ਸ਼ਾਮ ਤੱਕ ਚੱਲਦਾ ਰਿਹਾ। ਪਹਿਲਾ ਨਾਲੋਂ ਦੁਗਣੀ ਹੋਈ ਖਰੀਦਦਾਰੀ ਤੋਂ ਖੁਸ਼ ਦੁਕਾਨਦਾਰਾਂ ਨੇ ਕਿਹਾ ਕਿ ਲੋਹੜੀ ਅਤੇ ਮਾਘੀ ਦੇ ਦਿਹਾੜੇ ਤੇ ਸਿਰਫ ਟਰੇਲਰ ਹੁੰਦਾ ਹੈ ਅਸਲੀ ਮਜ਼ਾ ਤਾਂ ਬਸੰਤ ਪੰਚਮੀ ਵੇਲੇ ਹੁੰਦਾ ਹੈ ਜਦੋਂ ਵੱਡੀ ਗਿਣਤੀ ਵਿੱਚ ਪਤੰਗਬਾਜ਼ੀ ਨੌਜਵਾਨ ਖਰੀਦਦੇ ਹਨ ਤੇ ਆਪਸ ਵਿੱਚ ਮੁਕਾਬਲੇ ਹੁੰਦੇ ਹਨ। ਉਨਾਂ ਦੱਸਿਆ ਕਿ ਹਾਲੇ ਵੀ ਸਿੱਧੂ ਮੂਸੇਵਾਲ ਦੀ ਫੋਟੋ ਵਾਲੀ ਪਤੰਗ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਸੀ। ਕਈ ਛੋਟੇ ਛੋਟੇ ਬੱਚਿਆਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ ਮਹੱਲਿਆਂ ਵਿੱਚ ਕੱਟ ਕੇ ਆਈਆਂ ਪਤੰਗਾਂ ਨੂੰ ਦੌੜ ਕੇ ਲੁੱਟਿਆ। ਲੋਹੜੀ ਤੇ ਮਾਘੀ ਦੇ ਤਿਉਹਾਰ ਮੌਕੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਨੂੰ ਰੋਕਣ ਲਈ ਵਿਸ਼ੇਸ਼ ਨਾਕੇ ਵੀ ਲਗਾਏ ਗਏ ਸਨ। ਪੁਲਿਸ ਨੇ ਅਜਿਹੇ ਕਈ ਨੌਜਵਾਨਾਂ ਨੂੰ ਸਬਕ ਵੀ ਸਿਖਾਇਆ ਜੋ ਮੋਟਰਸਾਈਕਲਾਂ ਤੇ ਰੰਗ ਬਿਰੰਗੀ ਆਵਾਜਾਂ ਤੇ ਪਟਾਕਿਆਂ ਦੀ ਗੂੰਜ ਵਿੱਚ ਗੇੜੀ ਲਗਾ ਰਹੇ ਸਨ। ਨੌਜਵਾਨਾਂ ਨੂੰ ਪੁਲਿਸ ਨੇ ਰੋਕ ਕੇ ਅਕਲ ਦਾ ਪਾਠ ਪੜਾਇਆ ਅਤੇ ਆਪਣੀ ਤੇ ਮਾਪਿਆਂ ਦੀ ਇੱਜਤ ਦਾ ਵੀ ਖਿਆਲ ਰੱਖਣ ਨੂੰ ਕਿਹਾ।