ਸਾਹਿਤ ਸਭਾ ਸੁਲਤਾਨਪੁਰ ਲੋਧੀ

ਸਾਹਿਤ ਸਭਾ ਸੁਲਤਾਨਪੁਰ ਲੋਧੀ ਨੇ ਪ੍ਰਗਟਾਈ ਗੰਭੀਰ ਚਿੰਤਾ
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਆਧੁਨਿਕ ਯੁੱਗ ਵਿਚ ਮੋਬਾਈਲ ਫੋਨ, ਇੰਟਰਨੈੱਟ ਤੇ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਕਾਰਨ ਅੱਜ ਦੀ ਨਵੀਂ ਪੀੜ੍ਹੀ ਕਿਤਾਬਾਂ ਪੜ੍ਹਨ ਦੀ ਆਦਤ ਤੋਂ ਦੂਰ ਹੁੰਦੀ ਜਾ ਰਹੀ ਹੈ, ਜੋ ਸਮਾਜ, ਸਿੱਖਿਆ ਤੇ ਸਾਹਿਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਭ ਅਹੁਦੇਦਾਰਾਂ ਨੇ ਸਾਂਝੇ ਤੌਰ ‘ਤੇ ਸਰਕਾਰ, ਸਿੱਖਿਆ ਵਿਭਾਗ ਅਤੇ ਸਮਾਜਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਕੂਲਾਂ ਤੇ ਕਾਲਜਾਂ ਵਿਚ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਕੇ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕੀਤਾ ਜਾਵੇ। ਇਹ ਵਿਚਾਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਬੁੱਧੀਜੀਵੀਆਂ, ਸਾਹਿਤਕਾਰਾਂ ਤੇ ਅਹੁਦੇਦਾਰਾਂ ਵੱਲੋਂ ਸਾਂਝੇ ਵਿਚਾਰ-ਵਟਾਂਦਰੇ ਦੌਰਾਨ ਪ੍ਰਗਟ ਕੀਤੇ ਗਏ।
--ਕਿਤਾਬਾਂ ਮਨੁੱਖ ਦੀ ਸੋਚ ਨੂੰ ਵਿਸ਼ਾਲ ਬਣਾਉਂਦੀਆਂ ਹਨ : ਸੋਨੀਆ
ਸਾਹਿਤ ਸਭਾ ਦੇ ਸਰਪ੍ਰਸਤ, ਪ੍ਰਧਾਨ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਤੇ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀ ਸੋਚ ਨੂੰ ਵਿਸ਼ਾਲ ਬਣਾਉਂਦੀਆਂ ਹਨ ਤੇ ਜੀਵਨ ਨੂੰ ਸਹੀ ਦਿਸ਼ਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਵਰਗ ਸਾਹਿਤ ਤੋਂ ਵਿੱਛੜ ਗਿਆ ਤਾਂ ਸਮਾਜਿਕ ਮੁੱਲਾਂ ਵਿਚ ਗਿਰਾਵਟ ਆਉਣੀ ਨਿਸ਼ਚਿਤ ਹੈ।
---ਵਿਦਿਆਰਥੀ ਕੇਵਲ ਇਮਤਿਹਾਨੀ ਸਿੱਖਿਆ ਤੱਕ ਸੀਮਤ ਹੋ ਕੇ ਰਹਿ ਗਏ ਹਨ : ਸਵਰਨ ਸਿੰਘ
ਸਾਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ਅੱਜ ਦੇ ਵਿਦਿਆਰਥੀ ਕੇਵਲ ਇਮਤਿਹਾਨੀ ਸਿੱਖਿਆ ਤੱਕ ਸੀਮਤ ਹੋ ਕੇ ਰਹਿ ਗਏ ਹਨ, ਜਦਕਿ ਸਾਹਿਤਕ ਕਿਤਾਬਾਂ ਜੀਵਨ ਮੁੱਲਾਂ, ਚਰਿੱਤਰ ਨਿਰਮਾਣ ਅਤੇ ਸੰਵੇਦਨਸ਼ੀਲਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
--ਸਕੂਲਾਂ ਵਿਚ ਲਾਇਬ੍ਰੇਰੀ ਪੀਰੀਅਡ ਲਾਜ਼ਮੀ ਕੀਤਾ ਜਾਣਾ ਚਾਹੀਦਾ : ਖੈੜਾ
ਇਸ ਮੌਕੇ ਸੀਨੀਅਰ ਪੱਤਰਕਾਰ ਅਤੇ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਰੌਸ਼ਨ ਖੈੜਾ ਨੇ ਕਿਹਾ ਕਿ ਕਿਤਾਬਾਂ ਪੜ੍ਹਨ ਦੀ ਆਦਤ ਬੱਚਿਆਂ ਦੀ ਸੋਚਣ ਸਮਰੱਥਾ, ਭਾਸ਼ਾ ਅਤੇ ਤਰਕਸ਼ੀਲਤਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਡਿਜੀਟਲ ਸੰਸਾਰ ਤੋਂ ਕੁਝ ਸਮਾਂ ਕੱਢ ਕੇ ਕਿਤਾਬਾਂ ਨਾਲ ਜੋੜਨ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ਵਿਚ ਲਾਇਬ੍ਰੇਰੀ ਪੀਰੀਅਡ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।
--ਕਿਤਾਬਾਂ ਹੀ ਮਨੁੱਖ ਨੂੰ ਸਮਾਜਿਕ ਅਤੇ ਕਾਨੂੰਨੀ ਸਮਝ ਦੇ ਸਕਦੀਆਂ : ਰਾਣਾ
ਸਾਹਿਤ ਸਭਾ ਦੇ ਮੁੱਖ ਸਲਾਹਕਾਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਤੁਰੰਤ ਮਨੋਰੰਜਨ ਦੀ ਆਦਤ ਪਾ ਦਿੱਤੀ ਹੈ, ਜਿਸ ਨਾਲ ਡੂੰਘੀ ਸੋਚ ਘੱਟ ਰਹਿ ਗਈ ਹੈ। ਕਿਤਾਬਾਂ ਹੀ ਮਨੁੱਖ ਨੂੰ ਸਮਾਜਕ ਅਤੇ ਕਾਨੂੰਨੀ ਸਮਝ ਦੇ ਸਕਦੀਆਂ ਹਨ।
--ਕਿਤਾਬ ਪਾਠ ਗੋਸ਼ਠੀਆਂ, ਵਿਦਿਆਰਥੀ ਸਾਹਿਤਕ ਮੁਕਾਬਲੇ ਤੇ ਕਿਤਾਬ ਮੇਲੇ ਕਰਵਾਏ ਜਾਣਗੇ : ਚੰਦੀ
ਇਸ ਮੌਕੇ ਸਾਹਿਤ ਸਭਾ ਦੇ ਸਕੱਤਰ ਤੇ ਪ੍ਰਸਿੱਧ ਸ਼ਾਇਰ ਮੁਖਤਾਰ ਸਿੰਘ ਚੰਦੀ ਨੇ ਕਿਹਾ ਕਿ ਸਾਹਿਤ ਸਭਾ ਵੱਲੋਂ ਆਉਣ ਵਾਲੇ ਸਮੇਂ ਵਿਚ ਕਿਤਾਬ ਪਾਠ ਗੋਸ਼ਠੀਆਂ, ਵਿਦਿਆਰਥੀ ਸਾਹਿਤਕ ਮੁਕਾਬਲੇ ਤੇ ਕਿਤਾਬ ਮੇਲੇ ਕਰਵਾਏ ਜਾਣਗੇ, ਤਾਂ ਜੋ ਨਵੀਂ ਪੀੜ੍ਹੀ ਵਿਚ ਪਾਠਨ ਸੰਸਕ੍ਰਿਤੀ ਨੂੰ ਦੁਬਾਰਾ ਜਗਾਇਆ ਜਾ ਸਕੇ ।