ਸੜਕ ਹਾਦਸੇ ’ਚ ਸਾਬਕਾ ਪਟਵਾਰੀ ਦੀ ਮੌਤ, ਇਕ ਜ਼ਖ਼ਮੀ
ਅੱਧੇ ਘੰਟੇ ਬਾਅਦ ਪਹੁੰਚੀ
Publish Date: Thu, 20 Nov 2025 11:00 PM (IST)
Updated Date: Thu, 20 Nov 2025 11:01 PM (IST)
ਅੱਧੇ ਘੰਟੇ ਬਾਅਦ ਪਹੁੰਚੀ ਪੁਲਿਸ ਤੇ ਐਂਬੂਲੈਂਸ
ਮ੍ਰਿਤਕ ਦਾ ਫੋਨ ਮੌਕੇ ਤੋਂ ਹੋਇਆ ਗੁੰਮ
ਸੰਵਾਦ ਸੂਤਰ, ਜਾਗਰਣ
ਫਗਵਾੜਾ : ਫਗਵਾੜਾ ਜੀਟੀ ਰੋਡ ’ਤੇ ਗੋਲ ਚੌਕ ਪੁੱਲ ਦੇ ਉੱਪਰ ਇਕ ਭਿਆਨਕ ਸੜਕ ਹਾਦਸੇ ’ਚ ਟ੍ਰੈਕਟਰ ਸਵਾਰ ਇਕ ਕਿਸਾਨ ਦੀ ਮੌਤ ਹੋ ਗਈ ਜਦ ਕਿ ਟ੍ਰੈਕਟਰ ਚਾਲਕ ਨੌਜਵਾਨ ਜ਼ਖ਼ਮੀ ਹੋ ਗਿਆ। ਇਸ ਹਾਦਸੇ ਦੇ ਕਾਰਨ ਹਾਈਵੇ ’ਤੇ ਲੰਬਾ ਟਰੈਫਿਕ ਜਾਮ ਲੱਗ ਗਿਆ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਵਰਵੀਰ ਸਿੰਘ ਵਾਸੀ ਪੰਜੌੜਾ ਟ੍ਰੈਕਟਰ-ਟਰਾਲੀ ’ਤੇ ਆਲੂ ਲੱਦ ਕੇ ਫਗਵਾੜਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਫਗਵਾੜਾ ’ਚ ਗੋਲ ਚੌਕ ਪੁੱਲ ਦੇ ’ਤੇ ਉਨ੍ਹਾਂ ਦੇ ਟ੍ਰੈਕਟਰ-ਟਰਾਲੀ ਨੂੰ ਪਿੱਛੇ ਤੋਂ ਆ ਰਹੇ ਇਕ ਵੱਡੇ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਟ੍ਰੈਕਟਰ-ਟਰਾਲੀ ਵੱਖ-ਵੱਖ ਹੋ ਗਏ।
ਕੰਵਰਵੀਰ ਸਿੰਘ ਅਨੁਸਾਰ ਉਸ ਨਾਲ ਟ੍ਰੈਕਟਰ ’ਤੇ ਸਾਬਕਾ ਪਟਵਾਰੀ ਗੁਰਮੇਲ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਪਿੰਡ ਪੰਜੌੜਾ ਜ਼ਿਲ੍ਹਾ ਹੁਸ਼ਿਆਰਪੁਰ ਬੈਠੇ ਸਨ, ਜਿਨ੍ਹਾਂ ਦੀ ਟ੍ਰੈਕਟਰ ਤੋਂ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਧੇ ਘੰਟੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਪੁਲਿਸ ਤੇ ਐਂਬੂਲੈਂਸ ਮੌਕੇ ’ਤੇ ਪਹੁੰਚੇ। ਟਰੱਕ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਇਸ ਦੌਰਾਨ ਇਕ ਹੈਰਾਨੀਜਨਕ ਗੱਲ ਹੋਈ ਕਿ ਜਿਸ ਵਿਅਕਤੀ ਦੀ ਮੌਤ ਹੋਈ, ਉਸ ਦਾ ਮੋਬਾਈਲ ਕੋਈ ਰਾਹਗੀਰ ਚੁੱਕ ਕੇ ਲੈ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਕੰਵਰਵੀਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।