ਲਾਇਲਪੁਰ ਖਾਲਸਾ ਕਾਲਜ ’ਚ ਵਰਕਸ਼ਾਪ ਕਰਵਾਈ
ਲਾਇਲਪੁਰ ਖਾਲਸਾ ਕਾਲਜ ਵਿਖੇ ਇੰਸਟੀਟਿਊਸ਼ਨਜ਼ ਇਨੋਵੇਸ਼ਨ ਕੌਂਸਲ ਅਤੇ ਬਿਜ਼ਨਸ ਸਟੱਡੀਜ਼ ਕਲੱਬ ਵੱਲੋਂ ਵਰਕਸ਼ਾਪ ਦਾ ਆਯੋਜਨ
Publish Date: Sat, 14 Feb 2026 10:00 PM (IST)
Updated Date: Sat, 14 Feb 2026 10:03 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਇੰਸਟੀਟਿਊਸ਼ਨਜ਼ ਇਨੋਵੇਸ਼ਨ ਕੌਂਸਲ ਤੇ ਬਿਜ਼ਨਸ ਸਟੱਡੀਜ਼ ਕਲੱਬ ਵੱਲੋਂ ਆਤਮਨਿਰਭਰ ਭਾਰਤ ਲਈ ਏਆਈ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਏਆਈ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਕਿ ਕਿਵੇਂ ਏਆਈ ਇਕ ਆਤਮਨਿਰਭਰ ਭਾਰਤ ਦੇ ਨਿਰਮਾਣ ਵਿਚ ਬਦਲਾਅਕਾਰੀ ਭੂਮਿਕਾ ਨਿਭਾ ਸਕਦੀ ਹੈ। ਸੈਸ਼ਨ ਦੀ ਸ਼ੁਰੂਆਤ ਵਿਚ ਪ੍ਰੋ. ਗੁਰਕਮਲ ਕੌਰ ਨੇ ਅੱਜ ਦੇ ਡਿਜੀਟਲ ਯੁੱਗ ਵਿਚ ਏਆਈ ਦੀ ਮਹੱਤਤਾ ’ਤੇ ਰੋਸ਼ਨੀ ਪਾਉਂਦਿਆ ਦੱਸਿਆ ਕਿ ਏਆਈ ਸਿੱਖਿਆ, ਸਿਹਤ ਸੇਵਾਵਾਂ, ਖੇਤੀਬਾੜੀ, ਉਤਪਾਦਨ ਤੇ ਰੱਖਿਆ ਜਿਹੇ ਖੇਤਰਾਂ ਵਿਚ ਕ੍ਰਾਂਤੀਕਾਰੀ ਬਦਲਾਅ ਲਿਆ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਏਆਈ ਆਧਾਰਿਤ ਨਵੀਨਤਾਵਾਂ ਵਿਦੇਸ਼ੀ ਤਕਨਾਲੋਜੀ ਉੱਤੇ ਨਿਰਭਰਤਾ ਘਟਾ ਸਕਦੀਆਂ ਹਨ ਤੇ ਭਾਰਤ ਦੀ ਆਰਥਿਕ ਤੇ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰ ਸਕਦੀਆਂ ਹਨ। ਉਨ੍ਹਾਂ ਨੇ ਆਤਮਨਿਰਭਰ ਭਾਰਤ ਦੇ ਉਦੇਸ਼ ਹੇਠ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਉਭਰ ਰਹੀਆਂ ਤਕਨਾਲੋਜੀਆਂ ’ਤੇ ਆਧਾਰਿਤ ਹੱਲ ਅਤੇ ਸਟਾਰਟਅਪਜ਼ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਨ ਸੋਚ, ਖੋਜ ਤੇ ਤਕਨਾਲੋਜੀ ਆਧਾਰਿਤ ਹੁਨਰ ਵਿਕਸਤ ਕਰਕੇ ਦੇਸ਼ ਦੀ ਆਰਥਿਕ ਤਰੱਕੀ ਤੇ ਆਤਮਨਿਰਭਰਤਾ ਵਿਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਏਆਈ ਤੇ ਡਿਜੀਟਲ ਹੁਨਰਾਂ ਦੀ ਸਿਖਲਾਈ ਭਵਿੱਖ ਦੇ ਰੋਜ਼ਗਾਰ ਮੌਕਿਆਂ ਲਈ ਬਹੁਤ ਜ਼ਰੂਰੀ ਹੈ। ਸਮਾਗਮ ਦੇ ਅੰਤ ਵਿਚ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮਨਮੋਹਨ ਕੁਮਾਰ ਵੱਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੋ. ਸੁਮੀਤ ਸਰਾਓ, ਪ੍ਰੋ. ਅੰਕਿਤਾ ਗਾਂਧੀ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।