ਹੱਡੀ ਟੁੱਟਣ ਤੋਂ ਬਾਅਦ ਖਰੌੜੇ ਦਾ ਸੂਪ ਪੀਣ ਦੀ ਕੀ ਹੈ ਹਕੀਕਤ ਅਤੇ ਕਿੰਨੇ ਹਨ ਲੋਕ ਭਰਮ ਭੁਲੇਖੇ ਤੇ ਦੰਦ ਕਥਾਵਾਂ

--ਮੈਡੀਕਲ ਮਾਹਿਰਾਂ ਨੇ ਰੱਖੇ ਆਪਣੇ ਵਿਚਾਰ
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਹੱਡੀ ਟੁੱਟਣ ਤੋਂ ਬਾਅਦ ਖਰੌੜੇ ਦਾ ਸੂਪ ਪੀਣ ਦੀ ਪ੍ਰਥਾ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਹੈ। ਲੋਕ ਮੰਨਦੇ ਹਨ ਕਿ ਇਸ ਨਾਲ ਹੱਡੀ ਜਲਦੀ ਜੁੜ ਜਾਂਦੀ ਹੈ ਆਓ ਜਾਣਦੇ ਹਾਂ ਕਿ ਇਸ ਵਿਚ ਕਿੰਨੀ ਸੱਚਾਈ ਹੈ।
ਖਰੌੜ੍ਹਾ-ਹੱਡੀ ਜੋੜਨ ਦਾ ਨੁਸਖਾ ਜਾਂ ਲੋਕ ਭਰਮ : ਹੱਡੀ ਟੁੱਟਣ ਤੋਂ ਬਾਅਦ ਖਰੌੜ੍ਹੇ (ਹੱਡੀਆਂ ਦੇ ਸੂਪ) ਦੀ ਵਰਤੋਂ ਪੰਜਾਬੀ ਸਮਾਜ ਵਿਚ ਕਾਫ਼ੀ ਪੁਰਾਣੀ ਹੈ। ਵੱਡੇ–ਵੱਡੇ ਬਜ਼ੁਰਗ ਅੱਜ ਵੀ ਦਾਅਵਾ ਕਰਦੇ ਹਨ ਕਿ ਖਰੌੜ੍ਹੇ ਦਾ ਸੂਪ ਪੀਣ ਨਾਲ ਹੱਡੀ ਜਲਦੀ ਜੁੜ ਜਾਂਦੀ ਹੈ ਪਰ ਸਮੇਂ ਦੇ ਨਾਲ ਡਾਕਟਰੀ ਵਿਗਿਆਨ ਨੇ ਕਈ ਅਜਿਹੀਆਂ ਗੱਲਾਂ ਨੂੰ ਦੰਦ ਕਥਾਵਾਂ ਸਾਬਤ ਕੀਤਾ ਹੈ।
ਦੰਦ ਕਥਾ : ਖਰੌੜ੍ਹੇ ਦਾ ਸੂਪ ਪੀਣ ਨਾਲ ਹੱਡੀ ਆਪਣੇ-ਆਪ ਜੁੜ ਜਾਂਦੀ ਹੈ। ਲੋਕਾਂ ਵਿੱ-ਚ ਇਹ ਆਮ ਧਾਰਨਾ ਹੈ ਕਿ ਜੇ ਹੱਡੀ ਕ੍ਰੈਕ ਜਾਂ ਟੁੱਟਣ ਤੋ ਬਾਅਦ ਹਰ ਰੋਜ਼ ਖਰੌੜ੍ਹੇ ਦਾ ਸੂਪ ਪੀ ਲਿਆ ਜਾਵੇ ਤਾਂ ਪਲਾਸਟਰ ਜਾਂ ਦਵਾਈ ਦੀ ਲੋੜ ਨਹੀਂ ਰਹਿੰਦੀ ਹੈ ਪਰ ਹਕੀਕਤ ਇਹ ਹੈ ਕਿ ਹੱਡੀ ਜੁੜਨ ਲਈ ਡਾਕਟਰੀ ਇਲਾਜ, ਪਲਾਸਟਰ ਜਾਂ ਲੋੜ ਪੈਣ ’ਤੇ ਸਰਜਰੀ ਤੇ ਪੂਰਾ ਆਰਾਮ ਬਹੁਤ ਜ਼ਰੂਰੀ ਹੁੰਦਾ ਹੈ। ਖਰੌੜ੍ਹਾ ਸਿਰਫ਼ ਪੋਸ਼ਣ ਦੇ ਕੇ ਸਰੀਰ ਦੀ ਮਦਦ ਕਰਦਾ ਹੈ ਪਰ ਇਲਾਜ ਨਹੀਂ ਕਰਦਾ ਹੈ।
ਕਈ ਲੋਕ ਇਹ ਸਮਝਦੇ ਹਨ ਕਿ ਵੱਧ ਮਾਤਰਾ ਵਿਚ ਸੂਪ ਪੀਣ ਨਾਲ ਹੱਡੀ ਜਲਦੀ ਜੁੜ ਜਾਵੇਗੀ ਪਰ ਹਕੀਕਤ ਇਹ ਹੈ ਕਿ ਜ਼ਰੂਰਤ ਤੋਂ ਵੱਧ ਸੂਪ ਪੀਣ ਨਾਲ ਕੋਲੈਸਟ੍ਰੋਲ ਦਾ ਵਧਣਾ, ਵਜ਼ਨ ਵਧਣਾ ਤੇ ਪਾਚਨ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਸਿਰਫ ਸੰਤੁਲਿਤ ਖੁਰਾਕ ਹੀ ਸਹੀ ਰਾਹ ਹੈ। ਲੋਕਾਂ ਦਾ ਮੰਨਣਾ ਹੈ ਕਿ ਬੱਚੇ ਹੋਣ ਜਾਂ ਬਜ਼ੁਰਗ ਇਹ ਸਭ ਲਈ ਇਕੋ ਜਿਹਾ ਲਾਭਦਾਇਕ ਮੰਨਿਆ ਜਾਂਦਾ ਹੈ ਪਰ ਹਕੀਕਤ ਇਹ ਹੈ ਕਿ ਦਿਲ ਦੀ ਬਿਮਾਰੀ, ਯੂਰਿਕ ਐਸਿਡ ਜਾਂ ਹੋਰ ਲੰਬੀ ਬਿਮਾਰੀ ਵਾਲੇ ਮਰੀਜ਼ਾਂ ਲਈ ਇਹ ਬਹੁਤ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ।
ਖਰੌੜ੍ਹਾ ਕੈਲਸ਼ੀਅਮ ਦੀ ਕਮੀ ਪੂਰੀ ਕਰਦਾ : ਕੁਝ ਲੋਕ ਮੰਨਦੇ ਹਨ ਕਿ ਖਰੌੜ੍ਹੇ ਦਾ ਸੂਪ ਕੈਲਸ਼ੀਅਮ ਦਾ ਸਭ ਤੋਂ ਵੱਡਾ ਸਰੋਤ ਹੈ ਪਰ ਅਸਲ ਵਿਚ ਹਕੀਕਤ ਇਹ ਹੈ ਕਿ ਖਰੌੜ੍ਹੇ ਵਿਚ ਕੈਲਸ਼ੀਅਮ ਘੱਟ ਮਾਤਰਾ ਵਿਚ ਹੁੰਦਾ ਹੈ ਤੇ ਡਾਕਟਰਾਂ ਮੁਤਾਬਕ ਅਸਲ ਸਰੋਤ ਸਿਰਫ ਦੁੱਧ, ਦਹੀਂ, ਹਰੀਆਂ ਸਬਜ਼ੀਆਂ ਤੇ ਡਾਕਟਰੀ ਸਪਲੀਮੈਂਟ ਹਨ। ਲੋਕਾਂ ਦੇ ਮੁਤਾਬਕ ਖਰੌੜ੍ਹਾ ਜੋੜਾਂ ਦੇ ਦਰਦ ਦਾ ਪੱਕਾ ਇਲਾਜ ਹੈ ਤੇ ਗਠੀਆ ਅਤੇ ਜੋੜਾਂ ਦੇ ਦਰਦ ਲਈ ਇਸਨੂੰ ਚਮਤਕਾਰੀ ਮੰਨਿਆ ਜਾਂਦਾ ਹੈ ਪਰ ਅਸਲ ਵਿਚ ਇਸਦੀ ਹਕੀਕਤ ਇਹ ਹੈ ਕਿ ਜੋੜਾਂ ਦੇ ਦਰਦ ਦੇ ਕਾਰਨ ਵੱਖ–ਵੱਖ ਹੁੰਦੇ ਹਨ। ਖਰੌੜ੍ਹੇ ਨਾਲ ਕੁਝ ਆਰਾਮ ਤਾਂ ਮਿਲ ਸਕਦਾ ਹੈ, ਪਰ ਇਹ ਹੱਡੀ ਨੂੰ ਜੋੜਨ ਦਾ ਪੱਕਾ ਇਲਾਜ ਨਹੀਂ ਹੁੰਦਾ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ ਖਰੌੜ੍ਹਾ ਸਿਰਫ਼ ਸਰਦੀਆਂ ਵਿਚ ਹੀ ਲਾਭਦਾਇਕ ਸਾਬਤ ਹੁੰਦਾ ਹੈ। ਇਸਨੂੰ ਗਰਮ ਤਾਸੀਰ ਵਾਲਾ ਮੰਨ ਕੇ ਗਰਮੀਆਂ ਵਿਚ ਟਾਲਿਆ ਜਾਂਦਾ ਹੈ ਪਰ ਅਸਲ ਵਿਚ ਹਕੀਕਤ ਇਹ ਹੈ ਕਿ ਮਰੀਜ਼ ਦੇ ਇਲਾਜ ਲਈ ਮੌਸਮ ਨਹੀਂ, ਸਰੀਰ ਦੀ ਹਾਲਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਡਾਕਟਰਾਂ ਮੁਤਾਬਕ ਗਰਮੀਆਂ ਵਿਚ ਵੀ ਖ਼ਰੋੜੇ ਦੇ ਸੂਪ ਦੀ ਹਲਕੀ ਮਾਤਰਾ ਵਿਚ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
ਫਿਜ਼ੀਓਥੈਰੇਪੀ ਦੀ ਲੋੜ ਹੀ ਨਹੀਂ : ਕੁੱਝ ਲੋਕਾਂ ਦਾ ਮੰਨਣਾ ਤੇ ਵਹਿਮ ਹੈ ਕਿ ਖਰੌੜ੍ਹਾ ਪੀਣ ਨਾਲ ਫਿਜ਼ੀਓਥੈਰਪੀ ਦੀ ਲੋੜ ਹੀ ਨਹੀਂ ਹੁੰਦੀ ਤੇ ਸਿਰਫ਼ ਸੂਪ ਹੀ ਕਾਫ਼ੀ ਹੁੰਦਾ ਹੈ ਪਰ ਅਸਲ ਵਿਚ ਹਕੀਕਤ ਇਹ ਹੁੰਦੀ ਹੈ ਕਿ ਹੱਡੀ ਠੀਕ ਹੋਣ ਮਗਰੋਂ ਫਿਜ਼ੀਓਥੈਰਪੀ ਤੇ ਹਲਕੀ ਕਸਰਤ ਬਹੁਤ ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਹੱਡੀ ਕਮਜ਼ੋਰ ਰਹਿ ਸਕਦੀ ਹੈ। ਕੁੱਲ ਮਿਲਾ ਕੇ ਨਤੀਜਾ ਸਿਰਫ ਇਹੀ ਨਿਕਲਦਾ ਹੈ ਕਿ ਖਰੌੜ੍ਹਾ ਸਿਰਫ ਪੰਜਾਬੀ ਰਸੋਈ ਦਾ ਪੁਰਾਣਾ ਤੇ ਪੋਸ਼ਣ ਭਰਪੂਰ ਹਿੱਸਾ ਹੁੰਦਾ ਹੈ, ਪਰ ਇਸ ਨਾਲ ਜੁੜੀਆਂ ਕਈ ਗੱਲਾਂ ਲੋਕ ਭਰਮ ਤੇ ਦੰਦ ਕਥਾਵਾਂ ਹੀ ਹਨ।
ਇਥੇ ਇਹ ਗੱਲ ਵੀ ਬਹੁਤ ਜ਼ਿਆਦਾ ਜ਼ਿਕਰਯੋਗ ਹੈ ਕਿ ਮੈਡੀਕਲ ਮਾਹਿਰਾਂ ਦੀ ਸਾਂਝੀ ਰਾਏ ਮੁਤਾਬਕ ਖਰੌੜੇ ਦਾ ਸੂਪ ਨਾ ਤਾਂ ਪੂਰਾ ਭਰਮ ਹੈ ਤੇ ਨਾ ਹੀ ਕੋਈ ਚਮਤਕਾਰੀ ਇਲਾਜ, ਇਹ ਸਿਰਫ਼ ਇਕ ਪੋਸ਼ਣ ਵਾਲਾ ਸਹਾਇਕ ਭੋਜਨ ਹੁੰਦਾ ਹੈ, ਜਿਸਦਾ ਲਾਭ ਹਾਲਤ ਦੇ ਅਨੁਸਾਰ ਹੀ ਹੁੰਦਾ ਹੈ।
-----------
ਖਰੌੜੇ ਦਾ ਸੂਪ ਸਿਰਫ ਸਰੀਰ ਨੂੰ ਲੋੜੀਂਦਾ ਪੋਸ਼ਣ ਦਿੰਦਾ : ਡਾ. ਜੋਸਨ
ਡਾ. ਗੁਰਿੰਦਰ ਸਿੰਘ ਜੋਸਨ ਐੱਮਬੀਬੀਐੱਸ, ਐੱਮਐੱਸ ਹੱਡੀਆਂ ਦੇ ਮਾਹਿਰ ਮੁਤਾਬਕ ਖਰੌੜੇ ਦੇ ਸੂਪ ਵਿਚ ਕੋਲਾਜਨ ਤੇ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਦੀ ਮੁਰੰਮਤ ਪ੍ਰਕਿਰਿਆ ਵਿਚ ਸਹਾਇਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਰੌੜੇ ਦਾ ਸੂਪ ਹੱਡੀ ਜੁੜਨ ਦੀ ਪ੍ਰਕਿਰਿਆ ਨੂੰ ਸਿੱਧਾ ਤੇਜ਼ ਨਹੀਂ ਕਰਦਾ, ਪਰ ਇਹ ਸਰੀਰ ਨੂੰ ਲੋੜੀਂਦਾ ਪੋਸ਼ਣ ਦੇ ਕੇ ਰਿਕਵਰੀ ਵਿਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹੱਡੀ ਨੂੰ ਜੁੜਨ ਲਈ ਪਲਾਸਟਰ, ਸਰਜਰੀ, ਕੈਲਸ਼ੀਅਮ ਤੇ ਵਿਟਾਮਿਨ ਡੀ ਸਭ ਤੋਂ ਜ਼ਰੂਰੀ ਹੁੰਦੇ ਹਨ।
ਦਿਲ ਦੇ ਰੋਗੀ ਸਾਵਧਾਨੀ ਵਰਤਣ : ਡਾ. ਕਲੇਰ
ਡਾ. ਕੁਲਦੀਪ ਕਲੇਰ, ਐੱਮਬੀਬੀਐੱਸ, ਐਮਡੀ, (ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਿਰ) ਨੇ ਇਸ ਮਾਮਲੇ ਵਿਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਨੁਸਾਰ ਖਰੌੜੇ ਦਾ ਸੂਪ ਅਕਸਰ ਚਰਬੀਦਾਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬਿਮਾਰੀ, ਕੋਲੈਸਟ੍ਰੋਲ ਜਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ, ਉਹ ਇਸਦਾ ਸੇਵਨ ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਘੱਟ ਚਰਬੀ ਵਾਲੀ ਖੁਰਾਕ ਹੱਡੀ ਟੁੱਟਣ ਸਮੇਂ ਵੀ ਉਨੀ ਹੀ ਜ਼ਰੂਰੀ ਹੈ।
ਦਮੇ ਦੇ ਮਰੀਜ਼ ਸੰਤੁਲਿਤ ਡਾਈਟ ਹੀ ਲੈਣ : ਡਾ. ਮੋਦੀ
ਡਾ. ਦੀਪਕ ਮੋਦੀ (ਪਲਮੋਨੋਲੋਜਿਸਟ) ਛਾਤੀ, ਦਮੇ ਤੇ ਸਾਹ ਦੇ ਮਾਹਿਰ ਡਾਕਟਰ ਮੁਤਾਬਕ “ਲੰਬੇ ਸਮੇਂ ਤੱਕ ਬਿਸਤਰ ‘ਤੇ ਰਹਿਣ ਨਾਲ ਸਾਹ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਖ਼ਰੋੜੇ ਦਾ ਗਰਮ ਸੂਪ ਕੁਝ ਹੱਦ ਤੱਕ ਤਾਕਤ ਤੇ ਗਲੇ ਲਈ ਫਾਇਦੇਮੰਦ ਹੋ ਸਕਦਾ ਹੈ, ਪਰ ਇਹ ਕਿਸੇ ਵੀ ਤਰ੍ਹਾਂ ਸਾਹ ਦੀ ਬਿਮਾਰੀ ਨੂੰ ਠੀਕ ਕਰਨ ਦਾ ਇਲਾਜ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦਮਾ, ਅਸਥਮਾ ਜਾਂ ਫੇਫੜਿਆਂ ਦੀ ਬਿਮਾਰੀ ਵਾਲੇ ਮਰੀਜ਼ ਹਲਕੀ ਤੇ ਸੰਤੁਲਿਤ ਡਾਇਟ ਹੀ ਲੈਣ।