ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ’ਚ ਸਤਿਸੰਗ ਸਮਾਗਮ ਕਰਵਾਇਆ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਸਮਾਗਮ ਦਾ ਆਯੋਜਨ
Publish Date: Fri, 28 Nov 2025 08:16 PM (IST)
Updated Date: Fri, 28 Nov 2025 08:17 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਹਫ਼ਤਾਵਾਰੀ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆ ਸਾਧਵੀ ਭਾਰਤੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਚੰਗੇ ਆਚਰਨ ਦੀ ਲੋੜ ਹੈ। ਇਹ ਚੰਗਾ ਆਚਰਨ ਹੀ ਇੱਕ ਵਿਅਕਤੀ ਨੂੰ ਪਰਿਵਾਰ ਦਿੰਦਾ ਹੈ ਅਤੇ ਸਮਾਜ ਵਿੱਚ ਇੱਕ ਵਿਸ਼ੇਸ਼ ਸਥਾਨ ਦੁਆਉਂਦਾ ਹੈ। ਨੇਕ ਹੋਣ ਲਈ ਜ਼ਰੂਰੀ ਹੈ ਕਿ ਮਨੁੱਖ ਵਿਕਾਰਾਂ ਤੋਂ ਬਚੇ ਅਤੇ ਚੰਗੇ ਆਚਰਨ ਨੂੰ ਅਪਣਾ ਕੇ ਮਨੁੱਖ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ। ਚੰਗਾ ਇਨਸਾਨ ਬਣਨ ਦੇ ਨਾਲ-ਨਾਲ ਉਹ ਪਰਮਾਤਮਾ ਦੀ ਪ੍ਰਾਪਤੀ ਵੱਲ ਵਧ ਸਕਦਾ ਹੈ। ਪਰ ਸਵਾਲ ਇਹ ਹੈ ਕਿ ਉੱਚੇ ਆਚਰਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ, ਧਰਮ ਦੇ ਗੁਣ ਜਿਵੇਂ ਕਿ ਖਿਮਾ, ਸੰਤੋਸ਼, ਸ਼ੀਲਤਾ ਮਨੁੱਖ ਦੇ ਮਨ ਵਿੱਚ ਬਿਠਾਇਆ ਨਹੀਂ ਜਾ ਸਕਦੇ ਹਨ। ਇਤਿਹਾਸ ਦੱਸਦਾ ਹੈ ਕਿ ਅੱਜ ਤੱਕ ਜਿੰਨੇ ਵੀ ਸ੍ਰੇਸ਼ਟ ਮਨੁੱਖ ਪੈਦਾ ਹੋਏ ਹਨ, ਉਨ੍ਹਾਂ ਦੀ ਰਚਨਾ ਗੁਰੂ ਦੁਆਰਾ ਕੀਤੀ ਗਈ ਹੈ। ਪੂਰਨ ਗੁਰੂ ਦੁਆਰਾ ਪ੍ਰਦਾਨ ਕੀਤਾ ਗਿਆ ਬ੍ਰਹਮਗਿਆਨ ਹੀ ਮਨੁੱਖ ਨੂੰ ਧਰਮ ਦਾ ਅਸਲ ਤੱਤ ਦੱਸਦਾ ਹੈ, ਇਹ ਮਨੁੱਖ ਦਾ ਜਨਤਕ ਤੌਰ ’ਤੇ ਵਿਕਾਸ ਹੋ ਸਕਦਾ ਹੈ। ਸਾਧਵੀ ਨਿਧੀ ਭਾਰਤੀ ਨੇ ਸੁੰਦਰ ਭਜਨਾਂ ਦਾ ਗਾਇਨ ਕਰ ਕੇ ਪਹੁੰਚੀ ਹੋਈ ਸੰਗਤ ਨੂੰ ਨਿਹਾਲ ਕੀਤਾ।