ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੱਡੀ ਲੀਡ ਨਾਲ ਜਿੱਤਾਂਗੇ : ਕੁਲਾਰ
ਬਲਾਕ ਸੰਮਤੀ ਤੇ ਜਿਲਾ ਪਰਿਸ਼ਦ ਚੋਣਾ ਵੱਡੀ ਲੀਡ ਨਾਲ ਜਿਤਾਂਗੇ,ਕੁਲਾਰ
Publish Date: Sun, 07 Dec 2025 08:42 PM (IST)
Updated Date: Sun, 07 Dec 2025 08:45 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਫਗਵਾੜਾ ਦੀਆਂ ਦੋਵੇਂ ਜ਼ਿਲ੍ਹਾ ਪ੍ਰੀਸ਼ਦ ਅਤੇ 20 ਬਲਾਕ ਸੰਮਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਲੋਕਾਂ ਵੱਲੋਂ ਮਿਲ ਰਿਹਾ ਸਮਰਥਨ ਸ਼ਲਾਘਾਯੋਗ ਹੈ। ਲੋਕ ਸਮਝ ਚੁੱਕੇ ਹਨ ਕਿ ਪੰਜਾਬ ਦਾ ਭਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਰ ਸਕਦਾ ਹੈ, ਜੋ ਕਿ ਖੇਤਰੀ ਪਾਰਟੀ ਹੋਣ ਦੇ ਕਾਰਨ ਪੰਜਾਬ ਦੇ ਲੋਕਾਂ ਦਾ ਦੁੱਖ ਸਮਝ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਅਮ੍ਰਿਤਪਾਲ ਸਿੰਘ ਕੁਲਾਰ ਸੂਬਾ ਯੂਥ ਮੀਤ ਪ੍ਰਧਾਨ ਅਕਾਲੀ ਦਲ ਨੇ ਕਿਹਾ ਕਿ ਲੋਕਾਂ ਨੂੰ ਚੰਗੇ ਦਿਨਾਂ ਦੇ ਸੁਪਨੇ ਦਿਖਾ ਕੇ ਦਿੱਲੀ ਤੋਂ ਆਏ ਲਾਲਿਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ। ਪਿੰਡਾਂ ਵਿਚ ਬੀਤੇ ਚਾਰ ਸਾਲਾਂ ’ਚ ਕੋਈ ਵੀ ਵਿਕਾਸ ਕਾਰਜ ਨਹੀ ਹੋ ਸਕਿਆ, ਸਗੋਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ। ਹੁਣ ਪੰਜਾਬ ਦੇ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਭੰਗ ਹੋ ਚੁੱਕਾ ਹੈ। ਲੋਕ 2027 ’ਚ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋਏ ਪਏ ਹਨ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਹੈ। ਉਨ੍ਹਾਂ ਨੇ ਸਬ ਡਵੀਜ਼ਨ ਫਗਵਾੜਾ ਦੇ ਵਰਕਰਾਂ ਨੂੰ ਅਕਾਲੀ ਦਲ ਦੇ ਹੱਕ ਵਿਚ ਇੱਕਜੁੱਟ ਹੋ ਕੇ ਡੱਟ ਜਾਣ ਦੀ ਅਪੀਲ ਕੀਤੀ ਤਾਂ ਜੋ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾ ਕੇ ਵਿਰੋਧੀਆਂ ਦੇ ਦੰਦ ਖੱਟੇ ਕੀਤੇ ਜਾ ਸਕਣ ਅਤੇ ਖੇਤਰੀ ਪਾਰਟੀ ਨੂੰ ਮੁੜ ਤੋਂ ਮਜ਼ਬੂਤ ਕੀਤਾ ਜਾ ਸਕੇ।