ਮੰਡ ਖੇਤਰ ਦੇ ਉੱਘੇ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ ਮੰਡ ਮੁਬਾਰਕਪੁਰ ਦੇ ਨੇੜੇ ਆਰਜ਼ੀ ਬੰਨ੍ਹ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ। ਮੰਡ ਨਿਵਾਸੀ ਸਵੇਰ ਤੋਂ ਹੀ ਆਰਜ਼ੀ ਬੰਨ੍ਹ ਉੱਪਰ ਮਿੱਟੀ ਪਾ ਰਹੇ ਹਨ। ਉਹਨਾਂ ਦੱਸਿਆ ਕਿ ਮੰਡ ਬਾਊਪੁਰ ਤੋਂ ਲੈ ਕੇ ਮੁਬਾਰਕਪੁਰ ਤੱਕ ਆਰਜ਼ੀ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਜਿਸ ਨਾਲ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਸਕਦੀ ਹੈ।

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਬੀਤੇ ਕਈ ਦਿਨਾਂ ਤੋਂ ਪਹਾੜੀ ਖੇਤਰਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਦਰਿਆ ਬਿਆਸ ਵਿੱਚ ਵੱਡੀ ਪੱਧਰ ’ਤੇ ਆਏ ਪਾਣੀ ਨੇ ਬਹੁਤੇ ਥਾਵਾਂ ’ਤੇ ਝੋਨੇ ਦੀ ਸੈਂਕੜੇ ਏਕੜ ਫਸਲ ਡੋਬ ਦਿੱਤੀ ਹੈ। ਕਈ ਥਾਵਾਂ ’ਤੇ ਆਰਜ਼ੀ ਬੰਨ੍ਹਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਮੰਡ ਖੇਤਰ ਦੇ ਉੱਘੇ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ ਮੰਡ ਮੁਬਾਰਕਪੁਰ ਦੇ ਨੇੜੇ ਆਰਜ਼ੀ ਬੰਨ੍ਹ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ। ਮੰਡ ਨਿਵਾਸੀ ਸਵੇਰ ਤੋਂ ਹੀ ਆਰਜ਼ੀ ਬੰਨ੍ਹ ਉੱਪਰ ਮਿੱਟੀ ਪਾ ਰਹੇ ਹਨ। ਉਹਨਾਂ ਦੱਸਿਆ ਕਿ ਮੰਡ ਬਾਊਪੁਰ ਤੋਂ ਲੈ ਕੇ ਮੁਬਾਰਕਪੁਰ ਤੱਕ ਆਰਜ਼ੀ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਜਿਸ ਨਾਲ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਆਰਜ਼ੀ ਬੰਨ੍ਹ ਤੋਂ ਦਰਿਆ ਵਾਲੇ ਪਾਸੇ ਵੱਲ ਨੂੰ ਝੋਨੇ ਦੀ ਫਸਲ ਲਗਪਗ ਸਾਰੀ ਹੀ ਡੁੱਬ ਚੁੱਕੀ ਹੈ । ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਦਰਿਆ ਬਿਆਸ ਵਿੱਚ ਲਗਾਤਾਰ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਸ ਮੌਕੇ ਮੰਡ ਖੇਤਰ ਦੇ ਆਗੂ ਅਮਰ ਸਿੰਘ ਮੰਡ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਅਤੇ ਸਥਿਤੀ 2023 ਵਾਲੀ ਬਣਦੀ ਜਾ ਰਹੀ ਹੈ। ਜੇਕਰ ਪ੍ਰਸ਼ਾਸਨ ਹੁਣ ਵੀ ਜਾਗ ਪਵੇ ਤਾਂ ਸਥਿਤੀ ਕੰਟਰੋਲ ਵਿੱਚ ਹੋ ਸਕਦੀ ਹੈ। ਉਹਨਾਂ ਕਿਹਾ ਜਿਸ ਤਰ੍ਹਾਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਉਸ ਨਾਲ ਪੂਰੇ ਮੰਡ ਖੇਤਰ ਵਿੱਚ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਆਗੂ ਉਹਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਅਤੇ ਮੰਡ ਖੇਤਰ ਦੇ ਕਿਸਾਨਾਂ ਵੱਲੋਂ ਆਪਣੇ ਤੌਰ ’ਤੇ ਆਰਜ਼ੀ ਬੰਨ੍ਹਾਂ ਉੱਪਰ ਮਿੱਟੀ ਪਾਈ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਪ੍ਰਤਾਪਪੁਰਾ, ਖਿਜਰਪੁਰ, ਸ਼ੇਰਪੁਰ ਡੋਗਰਾਂ, ਮਹੀਂਵਾਲ, ਮੰਡ ਧੂੰਦਾ ਆਦਿ ਪਿੰਡਾਂ ਵਿੱਚ ਵੀ ਝੋਨੇ ਦੀ ਫਸਲ ਡੁੱਬ ਚੁੱਕੀ ਹੈ ਅਤੇ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਮੰਡ ਬਾਊਪੁਰ ਦੇ ਨਜ਼ਦੀਕ ਦਰਿਆ ਬਿਆਸ ਵਿੱਚ 60 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਅੱਗੇ ਜਾ ਰਿਹਾ ਹੈ ਜਦ ਕਿ ਹਰੀਕੇ ਹੈੱਡ ਤੋਂ ਅੱਗੇ ਬਹੁਤ ਘੱਟ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਨੇ ਤੁਰੰਤ ਕਦਮ ਨਾ ਚੁੱਕੇ ਤਾਂ ਸਮੁੱਚੇ ਮੰਡ ਵਿੱਚ ਵੱਡਾ ਨੁਕਸਾਨ ਹੋਣ ਦਾ ਡਰ ਹੈ। ਕੁਝ ਥਾਵਾਂ ’ਤੇ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਲਾਏ ਗਏ ਆਰਜ਼ੀ ਬੰਨ੍ਹ ਵੀ ਟੁੱਟ ਗਏ ਹਨ । ਦਰਿਆ ਬਿਆਸ ਵਿੱਚ ਵੱਧ ਰਹੇ ਲਗਾਤਾਰ ਪਾਣੀ ਦੇ ਪੱਧਰ ਕਾਰਨ ਮੰਡ ਖੇਤਰ ਵਿੱਚ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਦਰਿਆ ਬਿਆਸ ’ਚ ਪਾਣੀ ਦੀ ਸਥਿਤੀ ਚਿੰਤਾਜਨਕ
ਪਿੰਡ ਆਹਲੀ ਕਲਾਂ, ਆਹਲੀ ਖੁਰਦ, ਬੂਲੇ ਆਦਿ ਪਿੰਡਾਂ ਦੇ ਕਿਸਾਨ ਰਸ਼ਪਾਲ ਸਿੰਘ ਸੰਧੂ, ਸੇਵਕ ਸਿੰਘ ਆਹਲੀ ਖੁਰਦ ,ਤਰਲੋਚਨ ਸਿੰਘ ਉੱਪਲ ,ਗੁਰਸੇਵਕ ਸਿੰਘ ਬਲੋਰੀਆ, ਸਤਨਾਮ ਸਿੰਘ, ਭਿੰਦਰ ਸਿੰਘ, ਸਰਬਜੀਤ ਸਿੰਘ ਆਦਿ ਨੇ ਅੱਜ ਪਾਣੀ ਦੀ ਖਤਰਨਾਕ ਸਥਿਤੀ ਨੂੰ ਵੇਖਦਿਆਂ ਫਿਰ ਤੋਂ ਹਰੀਕੇ ਹੈੱਡ ਦਾ ਦੌਰਾ ਕੀਤਾ। ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਹਰੀਕੇ ਹੈੱਡ ’ਤੇ ਵੀ ਸਥਿਤੀ ਬਹੁਤ ਮਾੜੀ ਹੈ। ਪਹਾੜੀ ਖੇਤਰ ਤੇ ਕੰਡੀ ਖੇਤਰ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਦਰਿਆ ਬਿਆਸ ਵਿੱਚ ਪਾਣੀ ਦੀ ਸਥਿਤੀ ਬਹੁਤ ਹੀ ਖਰਾਬ ਹੋ ਗਈ ਹੈ। ਪਾਣੀ ਨੀਵੇਂ ਖੇਤਾਂ ’ਚ ਭਰਨ ਲੱਗ ਪਿਆ ਹੈ ਜਿਸ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਬੰਨ੍ਹ ਦੇ ਆਲੇ ਦੁਆਲੇ ਮਿੱਟੀ ਪਾ ਕੇ ਆਰਜ਼ੀ ਬੰਨ੍ਹ ਬਣਾਏ ਜਾ ਰਹੇ ਹਨ। ਮੌਜੂਦਾ ਸਥਿਤੀ ਮੁਤਾਬਕ ਢਿੱਲਵਾਂ ਹੈੱਡ ’ਤੇ ਹੁਣ 74623 ਕਿਊਸਕ ਪਾਣੀ ਹੋ ਗਿਆ ਹੈ। ਪੌਂਗ ਡੈਮ ਦਾ ਇੱਕ ਫਲੋਅ 199568 ਕਿਊਸਕ ਤੇ ਓਵਰਫਲੋਅ 12,754 ਕਿਊਸਿਕ ਹੈ। ਹਰੀਕੇ ਹੈੱਡ ਤੋਂ ਬੀਤੇ ਦਿਨੀਂ ਉਨ੍ਹਾਂ ਵੱਲੋਂ ਜੋ ਦਰ ਖੁੱਲ੍ਹਵਾਏ ਗਏ ਸਨ, ਉਹ ਫਿਰ ਡੈਮ ਅਧਿਕਾਰੀਆਂ ਨੇ ਬੰਦ ਕਰ ਦਿੱਤੇ ਹਨ ਜਿਸ ਕਾਰਨ ਪਾਣੀ ਬਹੁਤ ਘੱਟ ਮਾਤਰਾ ਵਿੱਚ ਰਿਲੀਜ਼ ਹੋਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਤੇ ਮੰਡ ਖੇਤਰ ਹੜ੍ਹ ਦੀ ਲਪੇਟ ਵਿੱਚ ਆ ਰਿਹਾ ਹੈ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰੀਕੇ ਹੈੱਡ ਵਰਕਸ ਤੋਂ ਜਲਦ ਪਾਣੀ ਰਿਲੀਜ਼ ਕਰਵਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ ਅਤੇ ਸਥਿਤੀ ਨੂੰ ਦੇਖਦਿਆਂ ਮੰਡ ਖੇਤਰ ਦੇ ਲੋਕਾਂ ਲਈ ਢੁੱਕਵੇਂ ਪ੍ਰਬੰਧ ਜਲਦ ਕੀਤੇ ਜਾਣ।