ਡਡਵਿੰਡੀ–ਕਪੂਰਥਲਾ ਰੋਡ ’ਤੇ ਡਿਵਾਈਡਰ ਦਾ ਬੇਵਜ੍ਹਾ ਕੱਟ ਹਾਦਸਿਆਂ ਦਾ ਕਾਰਨ ਬਣਿਆ
ਡਡਵਿੰਡੀ–ਕਪੂਰਥਲਾ ਰੋਡ ’ਤੇ ਡਿਵਾਈਡਰ ਦਾ ਬੇਵਜ੍ਹਾ ਕੱਟ ਹਾਦਸਿਆਂ ਦਾ ਕਾਰਨ ਬਣਿਆ, ਲੋਕਾਂ ਵਿੱਚ ਚਿੰਤਾ ਵਧੀ
Publish Date: Thu, 11 Dec 2025 10:46 PM (IST)
Updated Date: Fri, 12 Dec 2025 04:18 AM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ: ਡਡਵਿੰਡੀ ਤੋਂ ਕਪੂਰਥਲਾ ਜਾਣ ਵਾਲੀ ਦੋ-ਮਾਰਗੀ ਸੜਕ ‘ਤੇ ਬਣਾਏ ਗਏ ਡਿਵਾਈਡਰਾਂ ’ਤੇ ਲਾਏ ਗਏ ਬੇਵਜ੍ਹਾ ਕੱਟ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਖ਼ਾਸ ਕਰ ਕੇ ਪਿੰਡ ਡਡਵਿੰਡੀ ਤੋਂ ਪਿੰਡ ਪਾਜੀਆਂ ਵਿਚਕਾਰ, ਪਿੰਡ ਦੁਰਗਾਪੁਰ ਦੇ ਨੇੜੇ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਇਕ ਕੱਟ ਕਈ ਜਾਨਾਂ ਲਈ ਖ਼ਤਰਾ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ, ਇਸ ਥਾਂ ’ਤੇ ਮੌਜੂਦ ਕੱਟ ਕਾਰਨ ਹੁਣ ਤੱਕ ਲੱਗਭਗ 5 ਤੋਂ 10 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਕੱਟ ਤੋਂ ਮੁੜਨ ਵੇਲੇ ਦੂਜੇ ਪਾਸੇ ਤੋਂ ਆ ਰਹੇ ਵਾਹਨ ਅਕਸਰ ਭੁਲੇਖੇ ਵਿੱਚ ਆ ਜਾਂਦੇ ਹਨ, ਜਿਸ ਨਾਲ ਟੱਕਰਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਆਸ-ਪਾਸ ਦੇ ਇਲਾਕੇ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਸਰਦੀਆਂ ਵਿੱਚ ਧੁੰਦ ਵੱਧਦੀ ਜਾਵੇਗੀ, ਇਸ ਥਾਂ ‘ਤੇ ਹਾਦਸਿਆਂ ਦਾ ਖ਼ਤਰਾ ਹੋਰ ਵੀ ਵਧ ਜਾਵੇਗਾ । ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਡਿਵਾਈਡਰ ਨੂੰ ਠੀਕ ਢੰਗ ਨਾਲ ਮੁੜ ਤਿਆਰ ਕਰਕੇ ਇਸ ’ਤੇ ਰਿਫਲੈਕਟਰ ਜਾਂ ਹੋਰ ਚਿੰਨ੍ਹ ਲਾਏ ਜਾਣ ਤਾਂ ਜੋ ਰਾਤ ਦੇ ਹਨੇਰੇ ਜਾਂ ਧੁੰਦ ’ਚ ਵੀ ਵਾਹਨ ਚਾਲਕਾਂ ਨੂੰ ਕੱਟ ਦਾ ਸਪੱਸ਼ਟ ਪਤਾ ਲੱਗ ਸਕੇ। ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਰਹਿੰਦਿਆਂ ਪ੍ਰਸ਼ਾਸਨ ਵੱਲੋਂ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਹਾਦਸਿਆਂ ਦੀ ਗਿਣਤੀ ਰੋਜ਼ਾਨਾ ਵਧਦੀ ਰਹੇਗੀ, ਜੋ ਪ੍ਰਸ਼ਾਸ਼ਨ ਵੱਲੋਂ ਵੱਡੀ ਲਾਪਰਵਾਹੀ ਤੋਂ ਘੱਟ ਨਹੀਂ ਹੋਵੇਗਾ । ਲੋਕ ਭਲਾਈ ਅਤੇ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਇਲਾਕਾ ਵਾਸੀਆਂ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਹੋਰ ਕੀਮਤੀ ਜਾਨਾਂ ਨੂੰ ਬੇਵਜਾ ਜਾਣ ਤੋਂ ਬਚਾਇਆ ਜਾ ਸਕੇ।