ਨੌਜਵਾਨਾਂ, ਔਰਤਾਂ, ਗਰੀਬਾਂ, ਕਿਸਾਨਾਂ ਤੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣ ਵਾਲਾ ਬਜਟ : ਸੋਮਪ੍ਰਕਾਸ਼ ਬਜਟ ਦੇਸ਼ ਨੂੰ ਸਵੈ-ਨਿਰਭਰ ਤੇ ਸਸ਼ਕਤ ਬਣਾਉਣ ਲਈ ਇਕ ਸਪੱਸ਼ਟ ਰੋਡਮੈਪ : ਖੋਜੇਵਾਲ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਿਸਾਨਾਂ ਨੂੰ ਦਰਪੇਸ਼ ਆਰਥਿਕ ਅਨਿਸ਼ਚਿਤਤਾ, ਵਧਦੀਆਂ ਲਾਗਤਾਂ ਤੇ ਜਲਵਾਯੂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਵਿਰਾਸਤੀ ਸ਼ਹਿਰ ਦੇ ਪਿੰਡ ਖੋਜੇਵਾਲ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਫਾਰਮ ਹਾਊਸ ਵਿਖੇ ਬਜਟ ਸੰਵਾਦ ਪ੍ਰੋਗਰਾਮ ਰੱਖਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਜਪਾ ਦੇ ਕੌਮੀ ਜਰਨਲ ਸਕੱਤਰ ਤੇ ਸਾਬਕਾ ਰਾਜ ਸਭਾ ਸੰਸਦ ਦੁਸ਼ਯੰਤ ਕੁਮਾਰ ਗੌਤਮ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਦੁਸ਼ਯੰਤ ਕੁਮਾਰ ਗੌਤਮ ਨੇ ਕਿਹਾ ਕਿ ਕੇਂਦਰੀ ਬਜਟ 2026 ਕਿਸਾਨਾਂ ਲਈ ਇਕ ਮੋੜ ਹੈ, ਖਾਸ ਕਰਕੇ ਪੇਂਡੂ ਖੇਤਰਾਂ ਵਿਚ ਜੋ ਲੰਬੇ ਸਮੇਂ ਤੋਂ ਅਣਗਹਿਲੀ ਤੇ ਆਰਥਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਖੇਤੀਬਾੜੀ ਨੂੰ ਰਾਸ਼ਟਰੀ ਨੀਤੀ ਨਿਰਮਾਣ ਦੇ ਕੇਂਦਰ ਵਿਚ ਰੱਖਿਆ ਗਿਆ ਹੈ। ਦੁਸ਼ਯੰਤ ਕੁਮਾਰ ਗੌਤਮ ਨੇ ਖੇਤੀਬਾੜੀ, ਬਾਗਬਾਨੀ, ਗਿਰੀਦਾਰ ਫਸਲਾਂ, ਘੱਟੋ-ਘੱਟ ਸਮਰਥਨ ਮੁੱਲ ਸਹਾਇਤਾ, ਆਧੁਨਿਕ ਖੇਤੀ ਤਕਨਾਲੋਜੀ, ਆਫ਼ਤ ਰਾਹਤ ਤੇ ਪੇਂਡੂ ਬੁਨਿਆਦੀ ਢਾਂਚੇ ਨਾਲ ਸਬੰਧਤ ਮੁੱਖ ਬਜਟ ਪ੍ਰਬੰਧਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਮਾਣ, ਸੁਰੱਖਿਆ ਤੇ ਸਥਿਰਤਾ ਬਹਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਬਜਟ ਰੋਜ਼ੀ-ਰੋਟੀ ਦੀ ਰਾਖੀ ਤੇ ਕਿਸਾਨ ਪਰਿਵਾਰਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ’ਤੇ ਕੇਂਦ੍ਰਿਤ ਹੈ। ਉਨ੍ਹਾਂ ਭਾਜਪਾ ਦੇ ਵਰਕਰਾਂ ਨੂੰ ਨੀਤੀ ਤੇ ਕਿਸਾਨਾਂ ਵਿਚਕਾਰ ਇਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਨ ਦੀ ਅਪੀਲ ਕੀਤੀ, ਇਹ ਯਕੀਨੀ ਬਣਾਉਣ ਲਈ ਕਿ ਬਜਟ ਵਿਚ ਐਲਾਨੇ ਗਏ ਲਾਭ ਜ਼ਮੀਨੀ ਪੱਧਰ ’ਤੇ ਪਹੁੰਚਣ। ਉਨ੍ਹਾਂ ਇਹ ਵੀ ਕਿਹਾ ਕਿ ਬਜਟ ਖੇਤੀਬਾੜੀ ਵਿਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਹੈ, ਜਿਸ ਵਿਚ ਮਹਿਲਾ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ ਤੇ ਖੇਤੀਬਾੜੀ-ਉੱਦਮਤਾ ਦਾ ਸਮਰਥਨ ਕਰਨ ਦੇ ਪ੍ਰਬੰਧ ਹਨ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਨੇ ਕਿਹਾ ਕਿ ਬਜਟ ਕਿਸਾਨਾਂ ਤੇ ਖੇਤੀਬਾੜੀ ਸੁਧਾਰਾਂ ਪ੍ਰਤੀ ਕੇਂਦਰ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਰਾਜੇਸ਼ ਬਾਗ਼ਾ ਨੇ ਕਿਹਾ ਕਿ ਇਸ ਸਾਲ ਦੇ ਆਮ ਬਜਟ ਵਿਚ ਖੇਤੀਬਾੜੀ, ਸਿੱਖਿਆ, ਸੈਰ-ਸਪਾਟਾ ਤੇ ਸਿਹਤ ਸਹੂਲਤਾਂ ਦੇ ਵਿਸਥਾਰ ’ਤੇ ਜ਼ੋਰ ਦਿੱਤਾ ਜਾਵੇਗਾ। ਨੌਜਵਾਨਾਂ, ਔਰਤਾਂ, ਗਰੀਬਾਂ, ਕਿਸਾਨਾਂ ਤੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ। ਇਹ ਬਜਟ ਸਬ ਦਾ ਸਾਥ, ਸਬ ਦਾ ਵਿਕਾਸ, ਸਬ ਦਾ ਵਿਸ਼ਵਾਸ ਤੇ ਸਬ ਦਾ ਪ੍ਰਯਾਸ ਦੇ ਨਾਅਰੇ ’ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਾ ਹੈ, ਰੁਜ਼ਗਾਰ ਪ੍ਰਦਾਨ ਕਰਦਾ ਹੈ ਤੇ ਇਕ ਵਿਕਸਤ ਭਾਰਤ ਦੀ ਨੀਂਹ ਰੱਖਦਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਰੱਖਿਆ ਖੇਤਰ, ਕਿਸਾਨਾਂ ਦੀ ਆਮਦਨ, ਮਹੱਤਵਪੂਰਨ ਖਣਿਜ, ਡੇਟਾ ਸੈਂਟਰ, ਬੁਨਿਆਦੀ ਢਾਂਚਾ, ਰੁਜ਼ਗਾਰ ਤੇ ਆਰਥਿਕਤਾ ’ਤੇ ਕੇਂਦ੍ਰਿਤ ਹੈ। ਇਹ ਬਜਟ ਮੱਧ ਵਰਗ, ਉਦਯੋਗ, ਸਟਾਰਟਅੱਪਸ ਤੇ ਨਿਵੇਸ਼ਕਾਂ ਲਈ ਬਹੁਤ ਕੁੱਝ ਪੇਸ਼ ਕਰਦਾ ਹੈ। ਇਸ ਮੌਕੇ ਕਪੂਰ ਚੰਦ ਥਾਪਰ, ਰਾਜੀਵ ਪਾਹਵਾ, ਬਲਵਿੰਦਰ ਸਿੰਘ ਅਰਾਈਆਂਵਾਲ, ਐਡਵੋਕੇਟ ਚੰਦਰ ਸ਼ੇਖਰ, ਸੰਨੀ ਬੈਂਸ, ਰਣਜੀਤ ਸਿੰਘ ਬਿਬਰੀ, ਮਧੂ ਸੂਦ, ਤੇਜਸਵੀ ਭਾਰਦਵਾਜ, ਸੁਖਵਿੰਦਰ ਸਿੰਘ ਖੁਸਰੋਪੁਰ, ਮੱਸਾ ਸਿੰਘ, ਕਮਲਜੀਤ ਪਰਭਾਕਰ, ਬਲਵੰਤ ਸਿੰਘ ਬੂਟਾਂ, ਜਥੇਦਾਰ ਊੜਾ ਸਿੰਘ, ਬਲਵੰਤ ਸਿੰਘ ਵਡਾਲਾ, ਕਪੂਰ ਸਿੰਘ, ਅਜਾਇਬ ਸਿੰਘ, ਦਲਬੀਰ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਬਲਵਿੰਦਰ ਠਾਕੁਰ, ਲੱਕੀ ਸਰਪੰਚ, ਰਾਜਨ ਠੀਗੀ, ਅਮਰਜੀਤ ਸਿੰਘ ਦਿਓਲ, ਐਡਵੋਕੇਟ ਦਲਜੀਤ ਸਿੰਘ ਟਿੱਬਾ, ਐਡਵੋਕੇਟ ਗੁਰਪ੍ਰੀਤਪਾਲ ਸਿੰਘ ਭੱਟੀ, ਐਡਵੋਕੇਟ ਅੰਕੁਰ ਅਰੋੜਾ, ਐਡਵੋਕੇਟ ਰਾਜਵੀਰ ਕੌਰ ਢਿੱਲੋਂ, ਬਲਜਿੰਦਰ ਸਿੰਘ, ਵਿਨਾਇਕ ਪਰਾਸ਼ਰ, ਜੈ ਮਿਸ਼ਰਾ ਆਦਿ ਹਾਜ਼ਰ ਸਨ।