ਸੰਤ ਸੀਚੇਵਾਲ ਦੀ ਅਗਵਾਈ ਹੇਠ ਵੱਡੇ ਪੱਧਰ ‘ਤੇ ਖੇਤਾਂ ਨੂੰ ਕੀਤਾ ਜਾ ਰਿਹਾ ਹੈ ਪੱਧਰਾ

-ਹੜ੍ਹ ਪੀੜਤ ਕਿਸਾਨਾਂ ਦੇ ਖੇਤਾਂ ਨੂੰ ਕੀਤਾ ਜਾ ਰਿਹੈ ਪੱਧਰਾ
-ਰੋਜ਼ਾਨਾ ਇਕ ਲੱਖ ਰੁਪਏ ਦੇ ਡੀਜ਼ਲ ਦੀ ਹੋ ਰਹੀ ਖਪਤ
ਲਖਵੀਰ ਸਿੰਘ ਲੱਖੀ\ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬਾਊਪੁਰ ਮੰਡ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪਿਛਲੇ ਪੰਜ ਮਹੀਨਿਆਂ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਡਟੇ ਹੋਏ ਹਨ। ਹੜ੍ਹ ਪ੍ਰਭਾਵਿਤ ਇਲਾਕੇ ਦੇ ਵੱਡੇ ਹਿੱਸੇ ’ਚ ਕਣਕ ਬੀਜੀ ਜਾ ਚੁੱਕੀ ਹੈ। ਜਿਹੜੇ ਖੇਤਾਂ ਵਿਚ 5 ਤੋਂ 7 ਫੁੱਟ ਤੱਕ ਰੇਤਾ ਚੜ੍ਹ ਗਈ ਸੀ, ਉਨ੍ਹਾਂ ਖੇਤਾਂ ਨੂੰ ਪੱਧਰ ਕਰਨ ਲਈ ਵੱਡੇ ਟ੍ਰੈਕਟਰ ਤੇ ਐਕਸਾਵੇਟਰ ਮਸ਼ੀਨਾਂ ਲਗਾਤਾਰ ਦਿਨ-ਰਾਤ ਚੱਲ ਰਹੀਆਂ ਹਨ। ਰੋਜ਼ਾਨਾ ਇਕ ਲੱਖ ਰੁਪਏ ਦਾ ਡੀਜ਼ਲ ਲੱਗ ਰਿਹਾ ਹੈ। ਬਾਊਪੁਰ ਮੰਡ ਇਲਾਕੇ ਵਿਚ 22 ਸਤੰਬਰ 2025 ਨੂੰ ਸੰਤ ਸੀਚੇਵਾਲ ਨੇ ਹੜ੍ਹ ਪੀੜ੍ਹਤ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ, ਜਿਹੜੀ ਕਿ ਅੱਜ 122ਵੇਂ ਦਿਨ ਵੀ ਜਾਰੀ ਹੈ। ਹੁਣ ਤੱਕ 1 ਕਰੋੜ 22 ਲੱਖ ਦੇ ਕਰੀਬ ਡੀਜ਼ਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੱਧਰਾ ਕਰਨ ਵਿਚ ਲੱਗ ਚੁੱਕਾ ਹੈ। ਨੱਲ ਪਿੰਡ ਤੋਂ ਸੰਤ ਸੁਖਜੀਤ ਸਿੰਘ ਇਕ ਹਜ਼ਾਰ ਲੀਟਰ ਡੀਜ਼ਲ ਲੈ ਕੇ ਮੰਡ ਇਲਾਕੇ ਵਿਚ ਪਹੁੰਚੇ ਸਨ। ਉਨ੍ਹਾਂ ਨੇ ਡੀਜ਼ਲ ਦੀ ਟੈਂਕੀ ਸੰਤ ਸੀਚੇਵਾਲ ਦੇ ਸਪੁਰਦ ਕਰਦਿਆ ਕਿਹਾ ਕਿ ਬਾਊਪੁਰ ਮੰਡ ਇਲਾਕੇ ਵਿਚ ਆ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ਼੍ਹੀ ਦੀਆਂ ਖੁੱਲ਼੍ਹੀਆਂ ਰਹਿ ਗਈਆਂ ਹਨ, ਜਦੋਂ ਉਨ੍ਹਾਂ ਨੇ ਇਲਾਕੇ ਵਿਚ ਰੇਤ ਦੇ ਵੱਡੇ-ਵੱਡੇ ਢੇਰ ਲੱਗੇ ਦੇਖੇ। ਉਨ੍ਹਾਂ ਦੇਖਿਆ ਕਿ ਦਰਿਆ ਕਿਵੇਂ ਲੋਕਾਂ ਦੇ ਵਿਹੜਿਆਂ ਵਿਚੋਂ ਵਗਕੇ ਲੰਘਿਆ ਹੈ। ਇਸੇ ਤਰ੍ਹਾਂ ਜਗਰਾਓ ਦੇ ਪਿੰਡ ਮੱਲਾ ਤੋਂ ਵੀ ਸੰਗਤਾਂ ਨੇ ਪ੍ਰਵਾਸੀ ਪੰਜਾਬੀਆਂ ਦੀ ਮਦਦ ਨਾਲ 5100 ਲੀਟਰ ਡੀਜ਼ਲ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜਿਆ ਸੀ। ਇਸ ਵਫਦ ਵਿਚ ਹਰਜਿੰਦਰ ਸਿੰਘ, ਕੁਲਵੰਤ ਸਿੰਘ, ਜਗਜੀਤ ਸਿੰਘ, ਇੰਦਰਪਾਲ ਸਿੰਘ, ਸਤਨਾਮ ਸਿੰਘ, ਮੁਖਤਿਆਰ ਸਿੰਘ, ਜੋਤੀ ਮੱਲਾ ਆਦਿ ਹਾਜ਼ਰ ਸਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਹੜ੍ਹ ਦੌਰਾਨ ਵੀ ਇਹ ਬੇਨਤੀ ਕੀਤੀ ਕਿ ਦਾਨੀ ਸੱਜਣ ਹੜ੍ਹ ਪੀੜਤਾਂ ਲਈ ਆਪਣੀ ਹਮਦਰਦੀ ਸੰਭਾਲਕੇ ਰੱਖਣ। ਉਸ ਦਾ ਮਤਲਬ ਇਨਾ ਹੀ ਕਿਉਂਕਿ ਇਹਾ ਸੇਵਾ ਲੰਮਾਂ ਸਮਾਂ ਚੱਲਣ ਦਾ ਅਹਿਸਾਸ ਉਨ੍ਹਾਂ ਨੂੰ ਹੋ ਗਿਆ ਸੀ। ਅਸਲ ਵਿਚ ਪੀੜਤ ਕਿਸਾਨਾਂ ਦੀ ਮਦਦ ਕਰਨ ਦਾ ਸਮਾਂ ਹੁਣ ਹੈ, ਜਦੋਂ ਉਨ੍ਹਾਂ ਦੇ ਖੇਤਾਂ ਵਿਚ ਫਸਲਾਂ ਬੀਜੀਆਂ ਜਾਣੀਆਂ ਹਨ। ਖਾਦ ਦੀ ਲੋੜ ਪੈਣੀ ਹੈ। ਕਈ ਕਿਸਾਨਾਂ ਦੇ ਘਰ ਮੁਕੰਮਲ ਤੌਰ ‘ਤੇ ਤਬਾਹ ਹੋ ਗਏ ਸਨ। ਕਈ ਘਰਾਂ ਦੇ ਬਾਥਰੂਮ ਢਹਿ ਗਏ ਸਨ। ਇਹ ਕਿਸਾਨ ਅੱਜ ਵੀ ਆਰਥਿਕ ਤੌਰ ‘ਤੇ ਟੁੱਟੇ ਹੋਏ ਹਨ। ਉਨ੍ਹਾਂ ਲਈ ਬਹੁਤ ਸਾਰੀਆਂ ਚੁਣੌਤੀਆਂ ਅੱਜ ਵੀ ਉਂਝ ਹੀ ਮੂੰਹ ਅੱਡੀ ਖੜੀਆਂ ਹਨ, ਜਿਵੇਂ ਹੜ੍ਹਾਂ ਦੌਰਾਨ ਸੀ। ਕਿਸਾਨ ਜਰਨੈਲ ਸਿੰਘ, ਸਤਿਵੰਦਰ ਸਿੰਘ ਬੱਗਾ ਨੇ ਦੱਸਿਆ ਕਿ ਇਥੇ ਰੋਜ਼ਾਨਾ ਔਸਤਨ 1 ਲੱਖ ਦੇ ਕਰੀਬ ਡੀਜ਼ਲ ਦੀ ਖਪਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿਚ ਅਜੇ ਵੀ ਕਈ ਕਿਸਾਨਾਂ ਦੀਆਂ ਜ਼ਮੀਨਾਂ ਰੇਤ ਨਾਲ ਭਰੀਆਂ ਹੋਈਆਂ ਹਨ, ਜਿਹਨਾਂ ਦੀ ਸਫਾਈ ਲਈ ਸੰਤ ਸੀਚੇਵਾਲ ਦੀ ਅਗਵਾਈ ਹੇਠ ਕਾਰਸੇਵਾ ਨਿਰੰਤਰ ਜਾਰੀ ਹੈ।