200 ਗ੍ਰਾਮ ਹੈਰੋਇਨ ਸਮੇਤ ਦੋ ਸਕੇ ਭਰਾ ਕਾਬੂ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Sat, 06 Dec 2025 11:21 PM (IST)
Updated Date: Sat, 06 Dec 2025 11:24 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਛੇੜੀ ਗਈ ਨਸ਼ੇ ਖਿਲਾਫ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਆਈਏ ਸਟਾਫ ਜਲੰਧਰ ਦਿਹਾਤ ਤੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਸੀਆਈਏ ਸਟਾਫ ਦੀ ਟੀਮ ਨੇ ਦੋ ਸਕੇ ਭਰਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਹੈਰੋਇਨ ਬਰਾਮਦ ਕੀਤੀ ਹੈ। ਐੇੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਵੱਲੋਂ ਨਸ਼ੇ ਖਿਲਾਫ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇੰਸਪੈਕਟਰ ਨਿਰਮਲ ਸਿੰਘ ਦੀ ਇਕ ਪੁਲਿਸ ਟੀਮ ਬਣਾ ਕੇ ਨਸ਼ਾ ਤਸਕਰਾਂ ਦੀ ਭਾਲ ’ਚ ਮਕਸੂਦਾ ਕਰਤਾਰਪੁਰ ਸਾਈਡ ’ਤੇ ਭੇਜੀ। ਜਦ ਇੰਸਪੈਕਟਰ ਨਿਰਮਲ ਸਿੰਘ ਦੀ ਟੀਮ ਜੰਡੂ ਸਿੰਘਾ ਤੋਂ ਲੰਮਾ ਪਿੰਡ ਹੁੰਦੇ ਹੋਏ ਅੱਡਾ ਵਿਧੀਪੁਰ ਕੋਲ ਪਹੁੰਚੀ ਤਾਂ ਰੇਲਵੇ ਫਾਟਕ ਲਾਗੇ ਦੋ ਨੌਜਵਾਨ ਖੜ੍ਹੇ ਸਨ, ਜਿਨ੍ਹਾਂ ਕੋਲ ਇਕ ਕਾਲੇ ਰੰਗ ਦਾ ਕਿੱਟ ਬੈਗ ਸੀ। ਉਨ੍ਹਾਂ ਨੌਜਵਾਨਾਂ ਨੇ ਜਦ ਪੁਲਿਸ ਪਾਰਟੀ ਦੇਖੀ ਤਾਂ ਯਕਦਮ ਘਬਰਾ ਗਏ। ਉਨ੍ਹਾਂ ਦੀ ਘਬਰਾਹਟ ਦੇਖ ਕੇ ਇੰਸਪੈਕਟਰ ਨਿਰਮਲ ਸਿੰਘ ਵੱਲੋਂ ਉਨ੍ਹਾਂ ਨੂੰ ਰੋਕ ਕੇ ਜਦ ਉਨ੍ਹਾਂ ਦਾ ਨਾਂ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਨਾਮ ਗੁਰਬਾਜ ਸਿੰਘ ਉਰਫ ਬਾਜ ਤੇ ਰਸ਼ਪਾਲ ਸਿੰਘ ਉਰਫ ਕਾਲੂ ਦੋਵੇਂ ਵਾਸੀ ਕਲਸੀਆਂ ਖੁਰਦ ਖਾਲੜਾ ਜ਼ਿਲ੍ਹਾ ਤਰਨਤਾਰਨ ਦੱਸਿਆ। ਦੋਵੇਂ ਨੌਜਵਾਨ ਆਪਸ ’ਚ ਸਕੇ ਭਰਾ ਹਨ। ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਦੇ ਕਿੱਟ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ’ਤੇ ਦੋਹਾਂ ਨੂੰ ਗਿਰਫਤਾਰ ਕਰ ਲਿਆ ਗਿਆ। ਐੱਸਐੱਸਪੀ ਵਿਰਕ ਨੇ ਦੱਸਿਆ ਕਿ ਦੋਵਾਂ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿਛ ਲਈ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਗੁਰਬਾਜ਼ ਸਿੰਘ ਖਿਲਾਫ ਇਸ ਤੋਂ ਪਹਿਲਾਂ ਵੀ 50 ਗ੍ਰਾਮ ਹੈਰੋਇਨ ਦਾ ਇਕ ਮਾਮਲਾ ਦਰਜ ਹੈ ਜਦ ਕਿ ਕਾਲੂ ਟਰੱਕ ਡਰਾਈਵਰ ਹੈ ਜੋ ਕਿ ਅਰੁਣਾਚਲ ਪ੍ਰਦੇਸ਼ ਤੋਂ ਸੈਨਾ ਦੇ ਸਮਾਨ ਦੀ ਢੋਆ ਢੁਆਈ ਕਰਦਾ ਹੈ। ਉਹ ਦੋਵੇਂ ਅਮੀਰ ਬਣਨ ਦੇ ਚੱਕਰ ’ਚ ਨਸ਼ਾ ਤਸਕਰੀ ਦਾ ਧੰਦਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਇਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਇਨ੍ਹਾਂ ਕੋਲੋਂ ਡੁੰਘਾਈ ਨਾਲ ਪੁੱਛਗਿਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਨ੍ਹਾਂ ਦੀ ਜਾਇਦਾਦ ਬਾਰੇ ਵੀ ਪਤਾ ਲਗਾਵੇਗੀ ਜੇ ਇਨ੍ਹਾਂ ਨੇ ਨਸ਼ਾ ਵੇਚ ਕੇ ਕੋਈ ਜਾਇਦਾਦ ਬਣਾਈ ਹੈ ਤਾਂ ਉਸ ਨੂੰ ਵੀ ਇਸ ਮਾਮਲੇ ’ਚ ਅਟੈਚ ਕੀਤਾ ਜਾਵੇਗਾ।