ਮਾਤਾ ਭਜਨ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ
ਮਾਤਾ ਭਜਨ ਕੌਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਦਾ ਆਯੋਜਨ
Publish Date: Sun, 04 Jan 2026 09:18 PM (IST)
Updated Date: Sun, 04 Jan 2026 09:20 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਲਾਕੇ ਦੇ ਨਾਮਵਰ ਪੱਤਰਕਾਰ ਹਰਨੇਕ ਸਿੰਘ ਜੈਨਪੁਰੀ ਦੀ ਮਾਤਾ ਭਜਨ ਕੌਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਸ਼ੋਕਮਈ ਵਾਤਾਵਰਨ ਵਿਚ ਪਿੰਡ ਜੈਨਪੁਰ ਵਿਖੇ ਆਯੋਜਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀਏ ਸਿੰਘ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਮਤਿ ਨਾਲ ਜੁੜਨ ਦਾ ਸੱਦਾ ਦਿੱਤਾ। ਸ਼ਰਧਾਂਜਲੀ ਸਮਾਗਮ ਮੌਕੇ ਇਲਾਕੇ ਭਰ ਤੋਂ ਨੇਤਾਵਾਂ, ਪੱਤਰਕਾਰਾਂ ਅਤੇ ਰਾਜਸੀ ਸ਼ਖਸੀਅਤਾਂ ਨੇ ਮਾਤਾ ਭਜਨ ਕੌਰ ਵੱਲੋਂ ਸੰਘਰਸ਼ੀ ਤੇ ਸਿਰੜੀ ਜੀਵਨ ਜਿਉਣ ਦੀ ਸਰਾਹਨਾ ਕੀਤੀ ਗਈ। ਸਮਾਗਮ ਵਿਚ ਐੱਮਐੱਲਏ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਹਰਨੇਕ ਸਿੰਘ ਜੈਨਪੁਰੀ ਦੀ ਸੁਘੜ ਤੇ ਸਿਆਣੀ ਪੱਤਰਕਾਰੀ ਪਿੱਛੇ ਉਨਾਂ ਦੀ ਮਾਂ ਵੱਲੋਂ ਦਿੱਤੇ ਸੰਸਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾ ਕਿਹਾ ਕਿ ਮਾਂ ਤਾਂ ਰੱਬ ਦਾ ਰੂਪ ਹੈ ਅਤੇ ਮਾਤਾ ਭਜਨ ਕੌਰ ਨੇ ਆਪਣੇ ਜੀਵਨ ਵਿਚ ਘਰੇਲੂ ਤੇ ਖੇਤੀ ਨਾਲ ਜੁੜੇ ਕਾਰਜ ਬਹੁਤ ਹੀ ਸੰਵੇਦਨਾ ਨਾਲ ਨਿਭਾਏ ਹਨ। ਸਮਾਗਮ ਵਿਚ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇਸਤਰੀ ਦੇ ਮਾਂ ਰੂਪੀ ਵਜੂਦ ਨੂੰ ਪੂਰੀ ਸ੍ਰਿਸ਼ਟੀ ਦਾ ਇਹ ਹਾਸਲ ਦੱਸਦੇ ਹੋਏ ਮਾਤਾ ਭਜਨ ਕੌਰ ਦੇ ਸਿਆਣੇ ਤੇ ਸ਼ਾਂਤ ਸੁਭਾਅ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਾਂ ਤਾਂ ਸੰਘਣੀ ਛਾਂ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਹੈ। ਸਮਾਗਮ ਵਿਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਨੇ ਜਿਥੇ ਮੰਚ ਦਾ ਸੰਚਾਲਨ ਕੀਤਾ, ਉਥੇ ਮਾਂ ਦੀ ਹਸਤੀ ਪ੍ਰਤੀ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਸੰਜੀਦਾ ਹੋ ਕੇ ਮਾਂ ਵੱਲੋਂ ਦਿੱਤੇ ਸੰਸਕਾਰਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਵਿਚ ਸੰਕਟ ਆਉਣ ਦਾ ਮੁੱਖ ਕਾਰਨ ਮਾਵਾਂ ਨੂੰ ਅਣਦੇਖਿਆ ਕਰਨਾ ਹੀ ਹੈ। ਉਨ੍ਹਾਂ ਕਿਹਾ ਕਿ ਮਾਂ ਅਸਲ ਵਿਚ ਰੱਬ ਦਾ ਦੂਤ ਹੈ ਅਤੇ ਮਾਂ ਦੀ ਹਾਜ਼ਰੀ ਘਰ ਵਿਚ ਸਵਰਗ ਦੀ ਉਤਪੱਤੀ ਮੰਨੀ ਜਾਂਦੀ ਹੈ। ਇਸ ਸਮਾਗਮ ਵਿਚ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ੋਕ ਮਤੇ ਵੀ ਰੱਖੇ ਗਏ ਅਤੇ ਹਰਨੇਕ ਸਿੰਘ ਜੈਨਪੁਰੀ ਨਾਲ ਦੁੱਖ ਸਾਂਝਾ ਕੀਤਾ ਗਿਆ। ਸਮਾਗਮ ਵਿਚ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ, ਅਕਾਲੀ ਆਗੂ ਪਿਆਰਾ ਸਿੰਘ ਮਜਾਹਦਪੁਰ ਕੁੱਲੀਆਂ, ਸੀਨੀਅਰ ਆਪ ਆਗੂ ਪਰਵਿੰਦਰ ਸਿੰਘ ਢੋਟ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਡੀਟੀਐੱਫ ਆਗੂ ਜੋਤੀ ਮਹਿੰਦਰੂ, ਪ੍ਰਿੰਸੀਪਲ ਅਰਵਿੰਦਰ ਸਿੰਘ ਸੇਖੋਂ, ਐੱਨਐੱਸ ਕੰਗ ਡਾਇਰੈਕਟਰ ਹੈਲਥ ਵਿਭਾਗ, ਕੰਵਰਇਕਬਾਲ ਸਿੰਘ ਆਪ ਆਗੂ, ਬਖਸ਼ੀਸ਼ ਸਿੰਘ, ਜੈਪਾਲ ਸਿੰਘ ਢੀਂਗਰਾ, ਦੈਨਿਕ ਜਾਗਰਨ ਤੋਂ ਹਰੀਸ਼ ਨਰਾਇਣ ਮਿਸ਼ਰਾ, ਅਸ਼ੀਸ਼ ਤਿਵਾੜੀ, ਬਲਵਿੰਦਰ ਸਿੰਘ ਜੌੜਾ, ਸਰਪੰਚ ਮੇਜਰ ਸਿੰਘ, ਕਿਸਾਨ ਆਗੂ ਕੁਲਵੰਤ ਸਿੰਘ ਜੋਸਨ, ਭਾਰਤੀ ਜਨਤਾ ਪਾਰਟੀ ਦੇ ਆਗੂ ਅਸ਼ੋਕ ਗੁਪਤਾ, ਹਿੰਦੀ ਸਾਹਿਤਕਾਰ ਦਿਨੇਸ਼ ਆਦਿ ਨੇ ਹਰਨੇਕ ਸਿੰਘ ਜੈਨਪੁਰੀ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।