ਤੇਜ਼ ਰਫ਼ਤਾਰੀ ਨੂੰ ਕਾਬੂ ਕਰਨ ਲਈ ਰਾਡਾਰ ਸਪੀਡ ਗੰਨ ਰਾਹੀਂ ਵਾਹਨਾਂ ਦੇ ਚਲਾਨ ਕੱਟੇ
ਟ੍ਰੈਫਿਕ ਪੁਲਿਸ ਵੱਲੋਂ ਰਾਡਾਰ ਸਪੀਡ ਗਨ ਦੁਆਰਾ ਵਾਹਨਾਂ ਦੇ ਚਲਾਨ ਕੱਟੇ
Publish Date: Sun, 25 Jan 2026 08:47 PM (IST)
Updated Date: Sun, 25 Jan 2026 08:49 PM (IST)

ਸਪੀਡ ਲਿਮਟ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ : ਡੀਐੱਸਪੀ ਹਰਵੰਤ ਸਚਦੇਵਾ ਪੰਜਾਬੀ ਜਾਗਰਣ ਕਪੂਰਥਲਾ : ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 1 ਜਨਵਰੀ ਤੋਂ 31 ਜਨਵਰੀ ਤੱਕ ਮਨਾਉਂਦਿਆਂ ਟ੍ਰੈਫਿਕ ਪੁਲਿਸ ਕਪੂਰਥਲਾ ਵੱਲੋਂ ਮਾਨਯੋਗ ਜ਼ਿਲ੍ਹਾ ਪੁਲਿਸ ਮੁਖੀ, ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ-ਨਿਰਦੇਸ਼, ਡੀਐੱਸਪੀ ਟ੍ਰੈਫਿਕ ਉਪਕਾਰ ਸਿੰਘ ਦੀ ਅਗਵਾਈ, ਇੰਸਪੈਕਟਰ ਦਰਸ਼ਨ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਦੀ ਸਮੁੱਚੀ ਟੀਮ ਦਵਿੰਦਰਪਾਲ ਸਿੰਘ ਐਜੂਕੇਸ਼ਨਲ ਵਿੰਗ ਤੇ ਸਮੁੱਚੀ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਤੇਜ਼ ਰਫਤਾਰ ਵਾਹਨਾਂ ਨੂੰ ਨੱਥ ਪਾਉਣ ਤੇ ਸੜਕ ਹਾਦਸਿਆਂ ਨੂੰ ਘਟਾਉਣ ਦੇ ਮੰਤਵ ਤਹਿਤ ਕਪੂਰਥਲਾ ਤੋਂ ਜਲੰਧਰ ਰੋਡ, ਨਜ਼ਦੀਕ ਵਡਾਲਾ ਖੁਰਦ ਵਿਖੇ ਲਗਾਏ ਗਏ ਨਾਕੇ ਦੌਰਾਨ ਰਾਡਾਰ ਸਪੀਡ ਗੰਨ ਦੀ ਸਹਾਇਤਾ ਨਾਲ ਨਿਰਧਾਰਿਤ ਰਫ਼ਤਾਰ ਤੋਂ ਤੇਜ਼ ਵਾਹਨ ਚਲਾਉਣ ਵਾਲੇ 36 ਵਾਹਨਾਂ ਦੇ ਚਲਾਨ ਕੱਟੇ ਗਏ ਤੇ ਕਈ ਚਾਲਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ। ਸਪੀਡ ਗੰਨ ਸਬੰਧੀ ਜਾਗਰੂਕ ਕਰਦਿਆਂ ਡੀਐੱਸਪੀ ਟ੍ਰੈਫਿਕ ਉਪਕਾਰ ਸਿੰਘ ਨੇ ਦੱਸਿਆ ਕਿ ਸਪੀਡ ਗੰਨ ਉਹ ਯੰਤਰ ਹੈ, ਜੋ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਟ੍ਰੈਫਿਕ ਦੀ ਗਤੀ ਦੀ ਨਿਗਰਾਨੀ ਕਰਨ ਲਈ ਵਰਤਿਆ ਜਾਂਦਾ ਹੈ। ਰਾਸ਼ਟਰੀ ਰਾਜ ਮਾਰਗ ਉਪਰ ਕੁਝ ਫਾਸਲਿਆਂ ਉਪਰੰਤ ਵੱਖ-ਵੱਖ ਵਾਹਨਾਂ ਦੀ ਰਫ਼ਤਾਰ ਸੀਮਾ ਸਬੰਧੀ ਸੂਚਨਾ ਬੋਰਡ ਲਗਾਏ ਗਏ ਹਨ, ਪ੍ਰੰਤੂ ਵਾਹਨ ਚਾਲਕ ਇਨ੍ਹਾਂ ਦੀ ਪਾਲਣਾ ਨਹੀਂ ਕਰਦੇ ਤੇ ਤੇਜ਼ ਰਫ਼ਤਾਰ ਹੋਣ ਕਾਰਨ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ। ਸੋ ਲੋਕਾਂ ਨੂੰ ਟ੍ਰੈਫਿਕ ਚਿਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਪੂਰਥਲਾ ਤੋਂ ਜਲੰਧਰ ਰੋਡ ਨਜ਼ਦੀਕ ਵਡਾਲਾ ਖੁਰਦ, ਵਿਖੇ ਗਤੀ ਸੀਮਾ 60 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ, ਪ੍ਰੰਤੂ ਵਾਹਨ ਚਾਲਕ ਨਿਰਧਾਰਿਤ ਗਤੀ ਤੋਂ ਤੇਜ਼ ਚਲਾਉਂਦੇ ਹਨ, ਜੋ ਕਿ ਟ੍ਰੈਫਿਕ ਨਿਯਮਾਂ ਤੇ ਚਿੰਨ੍ਹਾਂ ਦੀ ਉਲੰਘਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਰਾਸ਼ਟਰੀ ਰਾਜ ਮਾਰਗਾਂ ਨਜ਼ਦੀਕ ਇਸ ਰਾਡਾਰ ਸਪੀਡ ਗੰਨ ਦੁਆਰਾ ਵਾਹਨਾਂ ਦੀ ਰਫ਼ਤਾਰ ਦੀ ਨਿਰੰਤਰ ਚੈਕਿੰਗ ਕੀਤੀ ਜਾਵੇਗੀ। ਸਮੂਹ ਵਾਹਨ ਚਾਲਕ ਗਤੀ ਸੀਮਾ ਵੱਲ ਉਚੇਚਾ ਧਿਆਨ ਦੇਣ। ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕਰਦਿਆਂ ਸਮਾਜ ਸੇਵੀ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਹਰੇਕ ਵਿਅਕਤੀ ਨੂੰ ਸੜਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਟ੍ਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ ਨੇ ਵੀ ਕਿਹਾ ਕਿ ਤੇਜ਼ ਰਫ਼ਤਾਰੀ ਹਮੇਸ਼ਾ ਜ਼ਿੰਦਗੀ ਨਾਲ ਖਿਲਵਾੜ ਕਰਨ ਬਰਾਬਰ ਹੈ, ਇਸ ਲਈ ਆਪਣੇ ਤੇ ਆਪਣੇ ਪਰਿਵਾਰ ਦੇ ਸੁਰੱਖਿਅਤ ਭਵਿੱਖ ਲਈ ਸੜਕੀ ਭਾਸ਼ਾ ਨੂੰ ਹਮੇਸ਼ਾ ਧਿਆਨ ਵਿਚ ਰੱਖਦਿਆਂ ਵਾਹਨ ਨੂੰ ਚਲਾਉਣਾ ਚਾਹੀਦਾ ਹੈ। ਇਸ ਮੌਕੇ ਤੇਜ਼ ਰਫ਼ਤਾਰੀ 36 ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਬਲਵਿੰਦਰ ਸਿੰਘ ਏਐੱਸਆਈ, ਦਵਿੰਦਰਪਾਲ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਵਿੰਗ, ਪ੍ਰੀਤਮ ਸਿੰਘ ਏਐੱਸਆਈ ਟ੍ਰੈਫਿਕ, ਸੁਰਜੀਤ ਸਿੰਘ ਏਐੱਸਆਈ, ਰਾਜੇਸ਼ ਸ਼ਰਮਾ ਸਮੇਤ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਹਾਜ਼ਰ ਸਨ।