ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਟਰੈਕਟਰ ਮਾਰਚ 26 ਨੂੰ
ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਕੱਢਿਆ ਜਾਵੇਗਾ ਟਰੈਕਟਰ ਮਾਰਚ 26 ਨੂੰ
Publish Date: Sat, 24 Jan 2026 09:20 PM (IST)
Updated Date: Sat, 24 Jan 2026 09:22 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਮਐੱਸਪੀ ’ਤੇ ਖ਼ਰੀਦ ਦੀ ਗਰੰਟੀ ਦਾ ਕਾਨੂੰਨ, ਬਿਜਲੀ ਬਿੱਲ 2025 ਵਾਪਸ ਲੈਣ, ਬੀਜ ਬਿੱਲ 2025 ਤੇ 4 ਲੇਬਰ ਕੋਡ ਰੱਦ ਕਰਨ ਆਦਿ ਮੰਗਾਂ ਨੂੰ ਲੈ ਕੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸੁਲਤਾਨਪੁਰ ਲੋਧੀ ਵਿਖੇ ਕੱਢੇ ਜਾ ਰਹੇ ਟਰੈਕਟਰ ਮਾਰਚ ਵਿਚ ਸਮੁੱਚੇ ਇਲਾਕੇ ਦੇ ਕਿਸਾਨ ਵਧ-ਚੜ੍ਹ ਕੇ ਹਿੱਸਾ ਲੈਣ। ਇਸ ਸਬੰਧੀ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ, ਬਲਦੇਵ ਸਿੰਘ ਚੰਨਣਵਿੰਡੀ ਤੇ ਰਣਜੀਤ ਸਿੰਘ ਦਾਤੇਵਾਲ ਨੇ ਕਿਹਾ ਕਿ ਖੇਤੀ ਫਸਲਾਂ ਦੇ ਵਪਾਰ ਵਿਚ ਮਲਟੀਨੈਸ਼ਨਲ ਕੰਪਨੀਆਂ ਦਾ ਦਾਖ਼ਲਾ ਨਹੀਂ ਹੋਣਾ ਚਾਹੀਦਾ ਜਦ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਹੇਠ ਆ ਕੇ ਉਨ੍ਹਾਂ ਨੂੰ ਮੌਕਾ ਪ੍ਰਦਾਨ ਕਰ ਰਹੀ ਹੈ, ਜੋ ਦੇਸ਼ ਦੀ ਕਿਸਾਨੀ ਲਈ ਘਾਤਕ ਹੋਵੇਗਾ। ਉਨ੍ਹਾਂ ਕਿਹਾ ਕਿ ਖੁਦਕਸ਼ੀਆਂ ਰੋਕਣ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ। ਕਿਸਾਨੀ ਮੰਗਾਂ ’ਤੇ ਲਿਖਣ, ਬੋਲਣ, ਵਿਚਾਰ ਪ੍ਰਗਟ ਕਰਨ ਤੇ ਹੋਰ ਜਮਹੂਰੀ ਅਧਿਕਾਰਾਂ ਲਈ ਕੱਢੇ ਜਾ ਰਹੇ ਵਿਸ਼ਾਲ ਲੋਕ ਮਾਰਚ ਵਿਚ ਸ਼ਾਮਲ ਹੋਣ ਲਈ ਹੁੰਮ-ਹੁੰਮਾ ਕੇ ਪੁਜੋ। ਇਸ ਮਾਰਚ ਵਿਚ ਐੱਨਡੀਏ ਸਰਕਾਰ ਤੋਂ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਮੁਕੱਦਮਾ ਜੇਲ੍ਹਾਂ ਵਿਚ ਬੰਦ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀ ਰਿਹਾਅ ਕਰਨ ਦੀ ਮੰਗ ਵੀ ਕੀਤੀ ਜਾਵੇਗੀ।