ਉਧਾਰ ਦਿੱਤੇ ਪੈਸੇ ਵਾਪਸ ਮੰਗੇ ਤਾਂ ਟਰੈਕਟਰ ਤੇ ਕਾਰ ਨੂੰ ਲਾਈ ਅੱਗ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Wed, 03 Dec 2025 11:02 PM (IST)
Updated Date: Wed, 03 Dec 2025 11:05 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਹੱਦ ’ਚ ਪੈਂਦੇ ਏਕਤਾ ਨਗਰ ’ਚ ਇਕ ਵਿਅਕਤੀ ਨੇ ਆਪਣੀ ਧੀ ਦੇ ਵਿਆਹ ਲਈ ਉਧਾਰ ਦਿੱਤੇ ਪੈਸੇ ਵਾਪਸ ਮੰਗੇ ਤਾਂ ਇਕ ਨੌਜਵਾਨ ਤੇ ਉਸਦੇ ਦੋਸਤ ਨੇ ਉਸਦੇ ਘਰ ’ਚ ਦਾਖਲ ਹੋ ਕੇ ਉਸਦੇ ਟਰੈਕਟਰ ਤੇ ਕਾਰ ਨੂੰ ਅੱਗ ਲਗਾ ਦਿੱਤੀ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੈਕਟਰ ਤੇ ਕਾਰ ਦਾ ਵੱਡਾ ਹਿੱਸਾ ਸੜ ਗਿਆ। ਕਿਸ਼ਨ ਲਾਲ ਨਾਹਰ ਵਾਸੀ ਏਕਤਾ ਨਗਰ ਨੇ ਰਾਮਾ ਮੰਡੀ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਕਿਸ਼ਨ ਲਾਲ ਨਾਹਰ ਨੇ ਦੱਸਿਆ ਕਿ ਉਸਨੇ ਡੇਢ ਸਾਲ ਪਹਿਲਾਂ ਧੀ ਦੇ ਵਿਆਹ ਲਈ ਗੁਆਂਢੀ ਦੀਪਕ ਭੱਟੀ ਨੂੰ ਪੈਸੇ ਉਧਾਰ ਦਿੱਤੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਪੈਸੇ ਵਾਪਸ ਮੰਗ ਰਿਹਾ ਸੀ ਪਰ ਮੁਲਜ਼ਮ ਨੇ ਇਨਕਾਰ ਕਰ ਦਿੱਤਾ। ਪੀੜਤ ਨੇ ਦੋਸ਼ ਲਗਾਇਆ ਕਿ ਦੀਪਕ ਭੱਟੀ ਆਪਣੇ ਤਿੰਨ ਸਾਥੀਆਂ ਨਾਲ ਬੁੱਧਵਾਰ ਸਵੇਰੇ ਉਸਦੇ ਘਰ ’ਚ ਦਾਖਲ ਹੋਇਆ। ਉਨ੍ਹਾਂ ਬਾਹਰ ਖੜ੍ਹੇ ਟਰੈਕਟਰ ਤੇ ਕਾਰ ਨੂੰ ਅੱਗ ਲਗਾ ਦਿੱਤੀ। ਅੱਗ ਲੱਗਦਿਆਂ ਹੀ ਮੁਲਜ਼ਮ ਤੇ ਉਸਦੇ ਸਾਥੀ ਮੌਕੇ ਤੋਂ ਭੱਜ ਗਏ। ਟਰੈਕਟਰ ਦਾ ਅਗਲਾ ਟਾਇਰ ਤੇ ਕਾਰ ਦਾ ਅਗਲਾ ਹਿੱਸਾ ਅੱਗ ਦੀਆਂ ਲਾਟਾਂ ’ਚ ਪੂਰੀ ਤਰ੍ਹਾਂ ਸੜ ਗਿਆ। ਜਦੋਂ ਉਸਨੂੰ ਘਟਨਾ ਦਾ ਪਤਾ ਲੱਗਾ ਤਾਂ ਉਸਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਰਾਮਾ ਮੰਡੀ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।