ਸੰਤ ਬਾਬਾ ਨਿਹਾਲ ਸਿੰਘ ਦਾ ਬਰਸੀ ਸਮਾਗਮ ਕਰਵਾਇਆ
ਪਿੰਡ ਸੰਗਤਪੁਰ ਵਿਖੇ ਸੰਤ ਬਾਬਾ ਨਿਹਾਲ ਸਿੰਘ ਦਾ ਤਿੰਨ ਰੋਜਾ ਸਲਾਨਾ ਬਰਸੀ ਸਮਾਗਮ ਸ਼ਰਧਾ ਪੂਰਵਕ ਕਰਵਾਇਆ
Publish Date: Mon, 08 Dec 2025 07:02 PM (IST)
Updated Date: Mon, 08 Dec 2025 07:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬ੍ਰਹਮ ਗਿਆਨੀ 108 ਸੰਤ ਬਾਬਾ ਨਿਹਾਲ ਸਿੰਘ ਜੀ ਦਾ ਤਿੰਨ ਰੋਜ਼ਾ ਸਲਾਨਾ ਬਰਸੀ ਸਮਾਗਮ ਉਨ੍ਹਾਂ ਦੇ ਤੱਪ ਅਸਥਾਨ ਗੁਰਦੁਆਰਾ ਸੰਤ ਬਾਬਾ ਨਿਹਾਲ ਸਿੰਘ ਪਿੰਡ ਸੰਗਤਪੁਰ ਤਹਿਸੀਲ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਐੱਨਆਰਆਈ ਵੀਰਾਂ ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਸ਼ਾਮ ਨੂੰ ਆਰਤੀ ਕੀਰਤਨ ਕੀਤਾ ਗਿਆ। ਦੂਸਰੇ ਦਿਨ ਸਵੇਰੇ ਮੱਧ ਦੀ ਅਰਦਾਸ ਅਤੇ ਸ਼ਾਮ ਨੂੰ ਆਰਤੀ ਕੀਰਤਨ ਜਦਕਿ ਤੀਸਰੇ ਤੇ ਆਖਰੀ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਅਤੇ ਸੁੱਖ-ਸ਼ਾਂਤੀ ਦੀ ਅਰਦਾਸ ਹੋਈ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਸੰਤ ਬਾਬਾ ਹਰਿਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਸਾਰੀ ਉਮਰ ਤਪੱਸਿਆ ਅਤੇ ਲੋਕ ਭਲਾਈ ਕਾਰਜਾਂ ਰਾਹੀਂ ਸਮਾਜ ਨੂੰ ਸੇਧ ਦਿੱਤੀ। ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਦੌਰਾਨ ਕਥਾਵਾਚਕਾਂ ਅਤੇ ਰਾਗੀ-ਢਾਡੀ ਜੱਥਿਆਂ ਨੇ ਕਥਾ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਧਾਨ ਲਖਵੀਰ ਸਿੰਘ, ਕੈਸ਼ੀਅਰ ਡਾ. ਰਜਿੰਦਰ ਸਿੰਘ, ਤਰਲੋਚਨ ਸਿੰਘ ਤੇ ਮਾਸਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ ਬਰਸੀ ਸਮਾਗਮ ਮੌਕੇ ਦੂਰ-ਦੁਰਾਢੇ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਇਸ ਪਵਿੱਤਰ ਤੱਪ ਅਸਥਾਨ ਉਪਰ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਪ੍ਰਬੰਧਕਾਂ ਵੱਲੋਂ ਆਏ ਹੋਏ ਪਤਵੰਤਿਆਂ, ਸੇਵਾਦਾਰਾਂ ਤੇ ਸਹਿਯੋਗੀਆਂ ਨੂੰ ਸਤਿਕਾਰ ਵਜੋਂ ਗੁਰੂ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਗਏ। ਚਾਹ-ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਜਸਵਿੰਦਰ ਸਿੰਘ, ਸੁਰਜੀਤ ਸਿੰਘ, ਅਮਨਦੀਪ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਰਣਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।