ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਖੁਫੀਆ ਇਤਲਾਹ ਮਿਲਣ ’ਤੇ ਅਮਨਦੀਪ ਚੌਕੀ ਇੰਚਾਰਜ ਰੁੜਕਾ ਕਲਾਂ ਦੀ ਟੀਮ ਨੇ ਨਾਕਾਬੰਦੀ ਕਰ ਕੇ ਫਾਰਚੂਨਰ ਕਾਰ ਨੰਬਰ ਪੀਬੀ-04-ਏਏ-5700 ਜਿਸ ’ਚ ਤਿੰਨ ਨੌਜਵਾਨ ਸਵਾਰ ਸਨ, ਨੂੰ ਚੈਕਿੰਗ ਲਈ ਰੋਕਿਆ।
ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਪੁਲਿਸ ਨੇ ਦੁਬਈ ਤੋਂ ਚਲਾਏ ਜਾ ਰਹੇ ਹਵਾਲਾ ਰੈਕਟ ਦਾ ਪਰਦਾਫਾਸ਼ ਕਰਦੇ ਹੋਏ 56,61,000 ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਖੁਫੀਆ ਇਤਲਾਹ ਮਿਲਣ ’ਤੇ ਅਮਨਦੀਪ ਚੌਕੀ ਇੰਚਾਰਜ ਰੁੜਕਾ ਕਲਾਂ ਦੀ ਟੀਮ ਨੇ ਨਾਕਾਬੰਦੀ ਕਰ ਕੇ ਫਾਰਚੂਨਰ ਕਾਰ ਨੰਬਰ ਪੀਬੀ-04-ਏਏ-5700 ਜਿਸ ’ਚ ਤਿੰਨ ਨੌਜਵਾਨ ਸਵਾਰ ਸਨ, ਨੂੰ ਚੈਕਿੰਗ ਲਈ ਰੋਕਿਆ। ਨੌਜਵਾਨਾਂ ਨੂੰ ਉਨ੍ਹਾਂ ਦਾ ਨਾਂ-ਪਤਾ ਪੁੱਛਿਆ ਤਾਂ ਡਰਾਈਵਰ ਸੀਟ ’ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਸ਼ੁਭਮ ਵਾਸੀ ਅੱਜੋਵਾਲ ਥਾਣਾ ਸਦਰ ਜ਼ੁਲ੍ਹਾ ਹੁਸ਼ਿਆਰਪੁਰ, ਉਸ ਦੇ ਨਾਲ ਦੀ ਸੀਟ ’ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਹਰਮਨ ਸਿੰਘ ਵਾਸੀ ਪਿੰਡ ਹੁਸੈਨਪੁਰ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਕਰਣ ਕੁਮਾਰ ਵਾਸੀ ਪਿੰਡ ਅੱਜੋਵਾਲ ਥਾਣਾ ਸਦਰ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ।
ਥਾਣਾ ਮੁਖੀ ਨੇ ਦੱਸਿਆ ਕਿ ਫਾਰਚੂਨਰ ਦੀ ਚੈਕਿੰਗ ਦੌਰਾਨ ਉਸ ’ਚੋਂ ਭਾਰੀ ਮਾਤਰਾ ’ਚ ਭਾਰਤੀ ਕਰੰਸੀ ਦੀ ਹਵਾਲਾ ਰਾਸ਼ੀ ਬਰਾਮਦ ਹੋਈ। ਗਿਣਤੀ ਕਰਨ ’ਤੇ ਕੁੱਲ ਰਾਸ਼ੀ 56,61,000 ਰੁਪਏ ਨਿਕਲੀ। ਉਕਤ ਨੌਜਵਾਨਾਂ ਨੇ ਦੱਸਿਆ ਕਿ ਇਹ ਪੈਸੇ ਥੁਮਸ ਸਲਵੀ ਜੋ ਦੁਬਈ ’ਚ ਰਹਿੰਦਾ ਹੈ ਜੋ ਹਵਾਲਾ ਦਾ ਕੰਮ ਵੱਖ-ਵੱਖ ਦੇਸ਼ਾਂ ’ਚ ਕਰਦਾ ਹੈ, ਨੇ ਭੇਜੇ ਹਨ। ਸਲਵੀ ਨੇ ਇਕ 10 ਰੁਪਏ ਦਾ ਨੋਟ ਜਿਸ ਨੂੰ ਅੱਧਾ ਕਰ ਕੇ ਇਨ੍ਹਾਂ ਨੂੰ ਭੇਜਿਆ ਸੀ ਤੇ ਇਕ ਅੱਧਾ ਨੋਟ ਜਿਸ ਪਾਸੋਂ ਇਨ੍ਹਾਂ ਨੇ ਹਵਾਲਗੀ ਲੈਣੀ ਸੀ, ਨੂੰ ਭੇਜਿਆ ਸੀ। ਹਵਾਲਗੀ ਦੀ ਰਾਸ਼ੀ ਉਨ੍ਹਾਂ ਨੇ ਐੱਸਆਰਕੇ ਇੰਟਰਪ੍ਰਾਈਜ਼ਰ ਲੁਧਿਆਣਾ ਨੂੰ 10 ਰੁਪਏ ਦਾ ਅੱਧਾ ਨੋਟ ਦਿਖਾ ਕੇ ਪ੍ਰਾਪਤ ਕੀਤੀ।
ਥਾਣਾ ਮੁਖੀ ਵਿਰਕ ਨੇ ਦੱਸਿਆ ਕਿ ਉਕਤ ਵਿਅਕਤੀ ਰਾਸ਼ੀ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ। ਇਸ ਸਬੰਧੀ ਇਨਕਮ ਟੈਕਸ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਇਤਲਾਹ ਦਿੱਤੀ ਗਈ। ਇਨਕਮ ਟੈਕਸ ਵਿਭਾਗ ਵੱਲੋਂ ਇਕ ਟੀਮ ਥਾਣੇ ਪੁੱਜੀ ਅਤੇ ਹਵਾਲਾ ਰਾਸ਼ੀ 56.61,000 ਰੁਪਏ ਜ਼ਬਤ ਕਰ ਲਈ। ਹਿਰਾਸਤ ’ਚ ਲਏ ਗਏ ਤਿੰਨਾਂ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਤੇ ਉਕਤ ਤਿੰਨਾਂ ਨੂੰ 15 ਸਤੰਬਰ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜੇਕਰ ਪੁੱਛਗਿੱਛ ਦੌਰਾਨ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।