ਨਸ਼ਿਆਂ ਵਿਰੁੱਧ ਪੂਰੀ ਦੁਨੀਆ ਜੂਝ ਰਹੀ : ਧੀਰ
ਨਸ਼ਿਆਂ ਦੇ ਸੇਵਨ ਨਾਲ ਹੋਣ ਵਾਲੇ ਵਿਨਾਸ਼ ਨਾਲ ਪੂਰੀ ਦੁਨੀਆ ਜੂਝ ਰਹੀ
Publish Date: Mon, 08 Dec 2025 09:43 PM (IST)
Updated Date: Mon, 08 Dec 2025 09:45 PM (IST)

ਐੱਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੂਰੀ ਦੁਨੀਆ ਨਸ਼ਿਆਂ ਦੇ ਸੇਵਨ ਨਾਲ ਹੋਣ ਵਾਲੇ ਖਤਰੇ ਨਾਲ ਜੂਝ ਰਹੀ ਹੈ, ਜਿਸ ਦਾ ਹਰੇਕ ਵਿਅਕਤੀ, ਵਪਾਰ, ਪਰਿਵਾਰ ਤੇ ਸਮਾਜ ਦੇ ਇਕ ਵੱਡੇ ਵਰਗ ’ਤੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ, ਜਿਸ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਚਲਾਉਣ ਦੀ ਸਖਤ ਜ਼ਰੂਰਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਂਟੀ ਡਰੱਗ ਕਲੱਬ ਦੀ ਕਨਵੀਨਰ ਅਨੀਤਾ ਧੀਰ, ਕਰਨਦੀਪ ਸਿੰਘ ਨੇ ਅੱਜ ਐੱਸਡੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਵਿਚ ਪ੍ਰਿੰਸੀਪਲ ਕਰਨਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਐਂਟੀ ਡਰੱਗ ਸੈਮੀਨਾਰ ਵਿਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਆਪਣੇ ਮਾਤਾ-ਪਿਤਾ ਦੇ ਨਾਲ ਘਰ ਦੀ ਤੁਲਨਾ ਵਿਚ ਸਕੂਲ ਦੇ ਮਾਹੌਲ ਵਿਚ ਅਧਿਆਪਕਾਂ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ, ਜਿਸ ਨਾਲ ਸਕੂਲ ਦਾ ਸਮਾਜਿਕ ਵਾਤਾਵਰਣ ਨੌਜਵਾਨ ਵਰਗ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਪ੍ਰਮੁੱਖ ਕਾਰਨ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੋਜ ਵਿਚ ਪਤਾ ਲੱਗਾ ਹੈ ਕਿ ਬੱਚਿਆਂ ਦਾ ਸਕੂਲ ਦੇ ਨਾਲ ਸਕਾਰਾਤਮਕ ਰਿਸ਼ਤਾ ਬਿਹਤਰ ਭਾਵਨਾ ਪੈਦਾ ਕਰਦਾ ਹੈ। ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਦੁਰਉਪਯੋਗ ਦੀ ਸੰਭਾਵਨਾ ਘੱਟ ਕਰਦਾ ਹੈ। ਇਕ ਅਧਿਆਪਕ ਦੇ ਤੌਰ ’ਤੇ ਅਸੀਂ ਵੱਖ-ਵੱਖ ਤਰੀਕੇ ਨਾਲ ਇਕ ਵਿਦਿਆਰਥੀ ਨੂੰ ਉਸਦੇ ਸਕੂਲ ਦੇ ਨਾਲ ਇਕ ਸਕਾਰਾਤਮਕ ਰਿਸ਼ਤਾ ਬਣਾਉਣ ਵਿਚ ਮਦਦ ਕਰ ਸਕਦੇ ਹਾਂ। ਪ੍ਰਿੰ. ਕਰਨਜੀਤ ਸਿੰਘ ਨੇ ਐਂਟੀ ਡਰੱਗ ਕਲੱਬ ਵੱਲੋਂ ਸਕੂਲ ਵਿਚ ਨੌਜਵਾਨ ਵਰਗ ਵਿਚ ਨਸ਼ਿਆਂ ਦੇ ਸੇਵਨ ਤੋਂ ਦੂਰ ਰਹਿਣ ਲਈ ਛੇੜੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਨੇ ਸਾਡੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ ਅਤੇ ਜੇ ਅਸੀਂ ਸਾਰਿਆਂ ਨੇ ਅਜਿਹੀ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਆਪਣੇ ਸੂਬੇ ਦੀ ਜਵਾਨੀ ਨੂੰ ਬਚਾਉਣ ਲਈ ਪਹਿਲ ਨਾ ਕੀਤੀ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾ ਕੇ ਅਜਿਹੇ ਵਿਅਕਤੀਆਂ ਦਾ ਸਮਾਜਿਕ ਤੌਰ ’ਤੇ ਬਾਈਕਾਟ ਕਰੀਏ। ਇਸ ਮੌਕੇ ਅਨੀਤਾ ਧੀਰ, ਕਰਨਦੀਪ ਸਿੰਘ, ਮਨੀਤ ਕੌਰ, ਰਮਨਦੀਪ ਕੌਰ, ਸਾਜਲ, ਪੁਨੀਤ, ਪ੍ਰਿੰਸੀਪਲ ਕਰਨਜੀਤ ਸਿੰਘ, ਵਾਈਸ ਪ੍ਰਿੰਸੀਪਲ ਪੂਨਮ ਧੀਰ ਆਦਿ ਵੀ ਹਾਜ਼ਰ ਸਨ।