ਨਹੀ ਰੁਕ ਰਿਹਾ ਪੋਲੀਥੀਨ ਦਾ ਇਸਤੇਮਾਲ
ਨਹੀ ਰੁਕ ਰਿਹਾ ਪੋਲੀਥੀਨ ਦਾ ਇਸਤੇਮਾਲ
Publish Date: Thu, 18 Dec 2025 09:42 PM (IST)
Updated Date: Thu, 18 Dec 2025 09:45 PM (IST)

ਫਗਵਾੜਾ : ਨਗਰ ਨਿਗਮ ਵੱਲੋਂ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਕਈ ਮੁਹਿੰਮਾਂ ਚਲਾਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਵਾਂਗ ਹੀ ਮੁਹਿਮਾਂ ਵੀ ਠੁੱਸ ਹੋ ਕੇ ਰਹਿ ਜਾਂਦੀਆਂ ਹਨ, ਜਿਸ ਦੀ ਉਦਹਾਰਣ ਹੈ ਸ਼ਰੇਆਮ ਦੁਕਾਨਾਂ, ਰੇਹੜੀਆਂ, ਸ਼ਬਜੀ ਦੀਆਂ ਦੁਕਾਨਾਂ ਆਦਿ ’ਤੇ ਨਾ-ਗਲਣਸ਼ੀਲ ਲਿਫਾਫਿਆਂ ਦੀ ਧੜੱਲੇਦਾਰ ਵਿਕਰੀ। ਜੋ ਸਿੱਧੇ ਤੌਰ ’ਤੇ ਵਾਤਾਵਰਣ ਦੂਸ਼ਿਤ ਕਰਦੇ ਹਨ ਅਤੇ ਸੀਵਰੇਜ ਜਾਮ ਕਰਨ ਵਿਚ ਵੀ ਆਪਣਾ ਭਰਪੂਰ ਯੋਗਦਾਨ ਪਾਉਂਦੇ ਹਨ। ਫਗਵਾੜਾ ਸ਼ਹਿਰ ਵਿਚ ਪਾਬੰਦੀਸ਼ੁਦਾ ਲਿਫਾਫਿਆਂ ਦਾ ਸ਼ਰੇਆਮ ਇਸਤੇਮਾਲ ਹੋ ਰਿਹਾ ਹੈ। ਨਗਰ ਨਿਗਮ ਦੀਆਂ ਟੀਮਾਂ ਬਾਜ਼ਾਰਾਂ ਵਿਚ ਘੁੰਮ ਕੇ ਤੰਗ-ਪਰੇਸ਼ਾਨ ਕਰਨ ਵਿਚ ਮਸ਼ਗੂਲ ਹਨ ਜਦਕਿ ਨਗਰ ਨਿਗਮ ਦੇ ਕਈ ਮੁਲਾਜ਼ਮਾਂ ਨੁੰ ਇਨ੍ਹਾਂ ਪਾਬੰਦੀਸ਼ੁਦਾ ਲਿਫਾਫਿਆਂ ਦਾ ਇਸਤੇਮਾਲ ਕਰਦੇ ਹੋਏ ਸ਼ਰੇਆਮ ਦੇਖਿਆ ਜਾ ਸਕਦਾ ਹੈ ਪਰ ਕਾਰਵਾਈ ਆਮ ਲੋਕਾਂ ’ਤੇ ਹੀ ਹੁੰਦੀ ਹੈ। ਨਗਰ ਨਿਗਮ ਮੁਲਾਜ਼ਮ ਤੇ ਅਧਿਕਾਰੀ ਸਿਰਫ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਹੀ ਰੱਖੇ ਗਏ ਹਨ ਜਦਕਿ ਉਨ੍ਹਾਂ ਨੂੰ ਤਨਖਾਹ ਆਮ ਲੋਕਾਂ ਵੱਲੋਂ ਅਦਾ ਕੀਤੇ ਟੈਕਸਾਂ ਤੋਂ ਮਿਲਦੀ ਹੈ। ਬੀਤੇ ਦਿਨੀਂ ਨਗਰ ਨਿਗਮ ਵੱਲੋਂ ਕੁਝ ਦੁਕਾਨਾਂ ’ਤੇ ਕਾਰਵਾਈ ਕਰਕੇ ਖਾਨਾਪੂਰਤੀ ਕੀਤੀ ਗਈ ਅਤੇ ਦੁਕਾਨਦਾਰਾਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਜੋਕਿ ਵਾਪਸ ਮੋੜਿਆ ਗਿਆ ਹੈ ਜਾਂ ਨਹੀ ਇਹ ਪਤਾ ਨਹੀਂ। ਗੱਲਬਾਤ ਕਰਦਿਆਂ ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਸੀਨੀਅਰ ਕਾਂਗਰਸੀ ਆਗੂ ਸ਼ਰਨਜੀਤ ਸਿੰਘ, ਮੀਡੀਆ ਕੋਆਰਡੀਨੇਟਰ ਸੌਰਵ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਫਗਵਾੜਾ ਵੱਲੋਂ ਕਾਨੂੰਨ ਸਿਰਫ ਬਣਾਏ ਜਾਂਦੇ ਹਨ ਪਰ ਲਾਗੂ ਕਰਵਾਉਣ ਵਾਲੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਇਨ੍ਹਾਂ ਤੋਂ ਹਾਲੇ ਤੱਕ ਫਗਵਾੜਾ ਦੀਆਂ ਤਮਾਮ ਦੁਕਾਨਾਂ ਵਿਚੋਂ ਪਾਬੰਦੀਸ਼ੁਦਾ ਲਿਫਾਫਿਆਂ ਦਾ ਇਸਤੇਮਾਲ ਬੰਦ ਨਹੀ ਹੋ ਸਕਿਆ। ਦੁਕਾਨਾਂ ਵਾਲੇ ਗਲਣਸ਼ੀਲ ਲਿਫਾਫਿਆਂ ਦਾ ਇਸਤੇਮਾਲ ਬਿਲਕੁਲ ਵੀ ਨਹੀ ਕਰ ਰਹੇ ਕਿੳਕਿ ਇਹ ਆਮ ਵਿਕਣ ਵਾਲੇ ਲਿਫਾਫਿਆਂ ਤੋਂ ਕਾਫੀ ਮਹਿੰਗੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜੇਕਰ ਲੋਕਾਂ ਦੀ ਸਹੂਲਤ ਲਈ ਕੋਈ ਕਾਰਵਾਈ ਕੀਤੀ ਜਾ!ਦੀ ਹੈ ਤਾਂ ਉਸਨੂੰ ਅਮਲੀਜਾਮਾ ਪਹਿਨਾਇਆ ਜਾਵੇ ਨਾ ਕਿ ਖਾਨਾਪੂਰਤੀ ਕਰਕੇ ਲੋਕ ਦਿਖਾਵਾ ਕੀਤਾ ਜਾਵੇ। ਨਗਰ ਨਿਗਮ ਦੇ ਕੁੰਭਕਰਨੀ ਸੁੱਤੇ ਪਏ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ ਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ।