ਮਸੀਹ ਸਮਾਗਮ ਬਰਕਤਾਂ ਦੀ ਬਰਸਾਤ ਸੰਪੰਨ
ਬਰਕਤਾਂ ਦੀ ਬਰਸਾਤ ਮਸੀਹ ਸਮਾਗਮ ਇਤਿਹਾਸਕ ਰੂਪ ਵਿੱਚ ਹੋਇਆ ਸੰਪੰਨ
Publish Date: Sun, 04 Jan 2026 10:16 PM (IST)
Updated Date: Sun, 04 Jan 2026 10:17 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਫਿਰੋਜ਼ਪੁਰ ਦੀ ਦਾਣਾ ਮੰਡੀ ਵਿਚ ਆਯੋਜਿਤ ਬਰਕਤਾਂ ਦੀ ਬਰਸਾਤ ਮਸੀਹ ਸਮਾਗਮ ਫਾਊਂਡਰ ਡਾਇਰੈਕਟਰ ਸਰਬਜੀਤ ਰਾਜ ਤੇ ਉਨ੍ਹਾਂ ਦੀ ਸਮਰਪਿਤ ਟੀਮ ਮਾਲਵਾ ਜ਼ੋਨ ਦੇ ਪ੍ਰਧਾਨ ਪਾਸਟਰ ਸੇਵਕ ਸਿੱਧੂ, ਐਡਵੋਕੇਟ ਸੇਮੁਅਲ, ਰਾਹੁਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਜਸਵੀਰ ਸੰਧੂ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਸੂਬਾ ਪ੍ਰਧਾਨ ਡਾ. ਸੁਭਾਸ਼ ਥੋਬਾ, ਮਹਿਲਾ ਵਿੰਗ ਸੂਬਾ ਪ੍ਰਧਾਨ ਐਡਵੋਕੇਟ ਪ੍ਰਵੀਨ ਭੱਟੀ ਅਤੇ ਸਮੂਹ ਮੈਂਬਰ ਪੰਜਾਬ ਕ੍ਰਿਸਚਨ ਫੈਲੋਸ਼ਿਪ ਦੇ ਸਹਿਯੋਗ ਨਾਲ ਅਤੇ ਚਰਚ ਆਫ ਹੋਪ ਦੀ ਆਤਮਿਕ ਨਿਗਰਾਨੀ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ। ਸਮਾਗਮ ਦਾ ਹਰ ਪਲ ਪ੍ਰਭੂ ਦੀ ਮਹਿਮਾ, ਉਸਦੇ ਨਾਮ ਦੀ ਉੱਚਾਈ ਅਤੇ ਮਨੁੱਖੀ ਜ਼ਿੰਦਗੀ ਵਿਚ ਆਤਮਕ ਬਦਲਾਅ ਲਈ ਸਮਰਪਿਤ ਸੀ। ਸਮਾਗਮ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ ਆਤਮਿਕ ਅਤੇ ਸਮਾਜਿਕ ਸ਼ਖਸੀਅਤਾਂ ਦੀ ਹਾਜ਼ਰੀ ਨੇ ਇਸਨੂੰ ਹੋਰ ਵੀ ਵਿਸ਼ੇਸ਼ ਬਣਾ ਦਿੱਤਾ। ਖ਼ਾਸ ਤੌਰ ’ਤੇ ਪਾਸਟਰ ਕਸ਼ਮੀਰ ਮਸੀਹ, ਜਿਨ੍ਹਾਂ ਨੇ ਪ੍ਰਭੂ ਦੀ ਸੇਵਾ ਵਿਚ ਲਗਾਤਾਰ 33 ਸਾਲ ਸਮਰਪਿਤ ਕੀਤੇ ਹਨ। ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਨਾ ਇਕ ਗੌਰਵਮਈ ਤੇ ਇਤਿਹਾਸਕ ਪਲ ਸੀ। ਇਹ ਸਨਮਾਨ ਸਿਰਫ਼ ਇਕ ਵਿਅਕਤੀ ਲਈ ਨਹੀਂ, ਸਗੋਂ ਉਸ ਆਤਮਿਕ ਵਿਰਾਸਤ ਲਈ ਸੀ, ਜੋ ਉਨ੍ਹਾਂ ਦੀ ਨਿਮਰਤਾ, ਸੇਵਾ ਅਤੇ ਵਿਸ਼ਵਾਸ ਰਾਹੀਂ ਪੀੜ੍ਹੀ ਦਰ ਪੀੜ੍ਹੀ ਵਗ ਰਹੀ ਹੈ। ਇਹ ਵਿਸ਼ੇਸ਼ ਸਨਮਾਨ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਵੱਲੋਂ ਦਿੱਤਾ ਗਿਆ, ਜੋ ਨੌਜਵਾਨ ਪੀੜ੍ਹੀ ਲਈ ਦਿਸ਼ਾ ਅਤੇ ਪ੍ਰੇਰਣਾ ਬਣਿਆ। ਵਰਸ਼ਿਪ ਸਿੰਗਰ ਭੈਣ ਰੋਮੀਕਾ ਮਸੀਹ ਵੱਲੋਂ ਕੀਤੀ ਗਈ ਪ੍ਰਭੂ ਦੀ ਉਪਾਸਨਾ ਨੇ ਪੂਰੇ ਪੰਡਾਲ ਨੂੰ ਇਕ ਜੀਉਂਦਾ ਪ੍ਰਾਰਥਨਾ ਸਥਾਨ ਬਣਾ ਦਿੱਤਾ। ਉਨ੍ਹਾਂ ਦੇ ਭਜਨਾਂ ਰਾਹੀਂ ਸੰਗਤ ਪ੍ਰਭੂ ਦੀ ਹਾਜ਼ਰੀ ਵਿਚ ਝੁਕ ਗਈ। ਕਈ ਅੱਖਾਂ ਭਰ ਆਈਆਂ ਅਤੇ ਕਈ ਦਿਲ ਪ੍ਰਭੂ ਅੱਗੇ ਪਿਘਲ ਗਏ। ਉਹ ਪਲ ਸਨ ਜਿੱਥੇ ਸ਼ਬਦ ਘੱਟ ਅਤੇ ਹੰਝੂ ਵੱਧ ਬੋਲ ਰਹੇ ਸਨ। ਇਸ ਸਮਾਗਮ ਵਿਚ ਮਨਿਓਰਟੀ ਕਮਿਸ਼ਨ ਦੇ ਵਾਈਸ ਪ੍ਰੈਸੀਡੈਂਟ ਵਿਜੇ ਗਿੱਲ, ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਮਨਿਓਰਟੀ ਕਮਿਸ਼ਨ ਸੁਭਾਸ਼ ਥੋਬਾ, ਚੇਅਰਮੈਨ ਪੀਟਰ ਚੀਦਾ, ਪ੍ਰਧਾਨ ਈਸਾ ਦਾਸ ਟੋਨੀ, ਪੰਜਾਬ ਯੂਥ ਦੇ ਪ੍ਰਧਾਨ ਰਾਹੁਲ ਰੋਬਿਟ, ਸੈਕਟਰੀ ਡੈਨੀਅਲ ਸਿੱਧੂ, ਸੁਖ ਤਲਵੰਡੀ ਸਮੇਤ ਕਈ ਸਮਾਜ ਸੇਵੀ ਤੇ ਫੈਲੋਸ਼ਿਪ ਦੇ ਅਹੁਦੇਦਾਰਾਂ ਦੀ ਹਾਜ਼ਰੀ ਨੇ ਸਮਾਗਮ ਦੀ ਮਹੱਤਤਾ ਨੂੰ ਹੋਰ ਉੱਚਾਈ ਦਿੱਤੀ। ਇਹ ਪੂਰਾ ਸਮਾਗਮ ਪਾਸਟਰ ਕੁਲਦੀਪ ਮੈਥਿਊ ਦੀ ਆਤਮਿਕ ਅਗਵਾਈ ਹੇਠ ਸੰਪੰਨ ਹੋਇਆ। ਉਨ੍ਹਾਂ ਨੇ ਨਿਮਰਤਾ ਅਤੇ ਪਿਆਰ ਨਾਲ ਸਾਰੇ ਮਹਿਮਾਨਾਂ, ਸੇਵਕਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਅਤੇ ਫਿਰੋਜ਼ਪੁਰ ਦੇ ਸਾਰੇ ਪਾਸਟਰ ਸਾਹਿਬਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਫਾਊਂਡਰ ਡਾਇਰੈਕਟਰ ਸਰਬਜੀਤ ਰਾਜ ਜੀ ਦਾ ਪ੍ਰਭਾਵਸ਼ਾਲੀ ਸੰਦੇਸ਼ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਜਸਬੀਰ ਸੰਧੂ ਵੱਲੋਂ ਸੰਗਤ ਤੱਕ ਪਹੁੰਚਾਇਆ ਗਿਆ। ਆਪਣੇ ਸੰਦੇਸ਼ ਵਿਚ ਉਨ੍ਹਾਂ ਨੇ ਨੌਜਵਾਨਾਂ ਨੂੰ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ, ਅਸੀਂ ਮਿਲ ਕੇ ਇਕ ਐਸਾ ਸਮਾਜ ਸਿਰਜੀਏ ਜੋ ਨਸ਼ਿਆਂ ਤੋਂ ਮੁਕਤ, ਪਿਆਰ, ਸ਼ਾਂਤੀ ਤੇ ਭਾਈਚਾਰੇ ਨਾਲ ਭਰਪੂਰ ਹੋਵੇ, ਜਿਥੇ ਮਨੁੱਖਤਾ ਦੀ ਸੇਵਾ ਨੂੰ ਪ੍ਰਭੂ ਦੀ ਸੇਵਾ ਸਮਝਿਆ ਜਾਵੇ। ਸਮਾਗਮ ਦੌਰਾਨ ਇਕ ਵਿਸ਼ੇਸ਼ ਕਲਿੱਪ ਵੀ ਦਿਖਾਈ ਗਈ, ਜਿਸ ਵਿਚ ਮਸਕਟ ਵਿਚ ਵੀਜ਼ਾ ਸੰਬੰਧੀ ਸਮੱਸਿਆਵਾਂ ਕਾਰਨ ਫਸੀਆਂ ਧੀਆਂ ਦੀ ਮਦਦ ਬਾਰੇ ਜਾਣਕਾਰੀ ਦਿੱਤੀ ਗਈ। ਇਹ ਸੇਵਾ ਕਾਰਜ ਇਸ ਗੱਲ ਦਾ ਸਪਸ਼ਟ ਸਬੂਤ ਸੀ ਕਿ ਮਸੀਹੀ ਸੇਵਾ ਸਿਰਫ਼ ਮੰਚ ਤੱਕ ਸੀਮਿਤ ਨਹੀਂ, ਸਗੋਂ ਦੁਖੀ, ਲਾਚਾਰ ਅਤੇ ਲੋੜਵੰਦ ਤੱਕ ਹੱਥ ਵਧਾਉਣ ਦਾ ਨਾਮ ਹੈ। ਮੁੱਖ ਪ੍ਰਚਾਰਕ ਪ੍ਰਭੂ ਦੇ ਦਾਸ ਪਾਸਟਰ ਸਲੀਮ ਖਾਨ ਵੱਲੋਂ ਦਿੱਤਾ ਗਿਆ ਪਵਿੱਤਰ ਵਚਨ ਸਮਾਗਮ ਦਾ ਕੇਂਦਰੀ ਆਕਰਸ਼ਣ ਰਿਹਾ। ਉਨ੍ਹਾਂ ਨੇ ਸੰਗਤ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪਵਿੱਤਰ, ਅਨੁਸ਼ਾਸਿਤ ਤੇ ਪ੍ਰਭੂ-ਭਗਤੀ ਭਰਪੂਰ ਜੀਵਨ ਜੀਊਣ ਦਾ ਦਿਲ ਛੂਹਣ ਵਾਲਾ ਸੱਦਾ ਦਿੱਤਾ। ਸਮਾਗਮ ਦੌਰਾਨ ਲੰਗਰ ਅਤੁੱਟ ਵਰਤਾਇਆ ਗਿਆ, ਜੋ ਸੇਵਾ ਅਤੇ ਸਾਂਝ ਦਾ ਸੁੰਦਰ ਪ੍ਰਤੀਕ ਸੀ।