ਖੋਜੇਵਾਲ ਦੇ ਧਾਰਮਿਕ ਸੰਸਥਾਨ ਦੀ ਪ੍ਰਬੰਧਕ ਕਮੇਟੀ ਖਿਲਾਫ ਨਿਤਰੇ ਪਿੰਡ ਵਾਸੀ
ਪਿੰਡ ਖੋਜੇਵਾਲ ਦੇ ਲੋਕਾਂ ਨੇ ਇੱਕ ਧਾਰਮਿਕ ਸੰਸਥਾਨ ਦੀ ਪ੍ਰਬੰਧਕ ਕਮੇਟੀ ਖਿਲਾਫ ਐਸ.ਐਸ.ਪੀ. ਦੇ ਨਾਮ ਸੋਂਪਿਆ ਮੰਗ ਪੱਤਰ
Publish Date: Sat, 17 Jan 2026 08:33 PM (IST)
Updated Date: Sat, 17 Jan 2026 08:36 PM (IST)
ਪਿੰਡ ਵਾਸੀਆਂ ਐੱਸਐੱਸਪੀ ਦੇ ਨਾਮ ਦਿੱਤਾ ਮੰਗ ਪੱਤਰ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਪਿੰਡ ਖੋਜੇਵਾਲ ਵਿਖੇ ਇਕ ਧਾਰਮਿਕ ਸੰਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਨਾਲ ਕਥਿਤ ਮਾੜਾ ਵਤੀਰਾ ਕਰਨ, ਮਨਮਰਜ਼ੀਆਂ ਕਰਨ ਤੇ ਧਾਰਮਿਕ ਮਰਿਆਦਾ ਨੂੰ ਭੰਗ ਕਰਨ ਦੇ ਰੋਸ ਵਜੋਂ ਪਿੰਡ ਖੋਜੇਵਾਲ ਦੇ ਸਾਬਕਾ ਸਰਪੰਚ ਮਾਸਟਰ ਗੁਰਦੇਵ ਸਿੰਘ ਵੱਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਐੱਸਐੱਸਪੀ ਕਪੂਰਥਲਾ ਦੇ ਨਾਮ ਡੀਐੱਸਪੀ ਸ਼ੀਤਲ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਧਾਰਮਿਕ ਸੰਸਥਾਨ ਦੀ ਕਮੇਟੀ ਦਾ ਵਿਵਾਦ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀ ਖਾਸੇ ਪਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਉਕਤ ਕਮੇਟੀ ਨੂੰ ਸਮੱਸਿਆਵਾਂ ਤੋਂ ਆਗਾਹ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਿਤੀ 24/12/2025 ਨੂੰ ਉਕਤ ਧਾਰਮਿਕ ਸੰਸਥਾਨ ਵਿਚ ਮੀਟਿੰਗ ਰੱਖੀ ਗਈ ਸੀ, ਪਰ ਮੀਟਿੰਗ ਦੌਰਾਨ ਇਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਥਿਤ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ, ਜਿਸ ਨਾਲ ਪਿੰਡ ਦੇ ਲੋਕ ਬਹੁਤ ਦੁਖੀ ਹਨ। ਪਿੰਡ ਵਾਸੀਆਂ ਨੇ ਕਿਹਾ ਕਿ 20 ਜਨਵਰੀ ਨੂੰ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆ ਸ਼ੁਰੂ ਹੋਣੀਆਂ ਹਨ ਤੇ ਗੁਰੂ ਘਰ ਵਿਚ ਜਾਣ ਤੋਂ ਲੋਕ ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਦੇ ਦਿਲਾਂ 'ਚ ਡਰ ਦਾ ਮਾਹੌਲ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਸ਼ਰਾਰਤੀ ਕਮੇਟੀ ਮੈਂਬਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਪਿੰਡ ਵਾਸੀ ਸ਼ਾਂਤ ਮਾਹੌਲ ਵਿਚ ਗੁਰੂ ਘਰ ਆ-ਜਾ ਸਕਣ। ਇਸ ਮੌਕੇ ਡੀਐੱਸਪੀ ਸ਼ੀਤਲ ਸਿੰਘ ਨੇ ਸਮੂਹ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ’ਤੇ ਪਹਿਲ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮਾਸਟਰ ਗੁਰਮੇਜ ਸਿੰਘ, ਪਲਵਿੰਦਰ ਸਿੰਘ ਸਾਬਕਾ ਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ, ਬਾਬਾ ਤੀਰਥ ਨਾਥ ਧਰਮ ਪ੍ਰਚਾਰ ਸਕੱਤਰ, ਗੁਰਮੀਤ ਲਾਲ, ਹਨੀ ਪਵਾਰ, ਭਜਨ ਸਿੰਘ, ਜਸਵਿੰਦਰ, ਮਨੀ ਪਵਾਰ, ਅਮਨਦੀਪ ਸਹੋਤਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।