ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਦਮਾ ਉਸ ਵੇਲੇ ਲੱਗਾ ਜਦੋਂ ਉਨ੍ਹਾਂ ਦੇ ਬਾਪ ਗੁਲਾਮ ਮੁਹੰਮਦ ਚੀਚਾ ਵਤਨੀ ਸਟੇਸ਼ਨ ‘ਤੇ ਬੀਮਾਰ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਅਫ਼ਰਾਤਫ਼ਰੀ ਦੇ ਦੌਰ ਵਿਚ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਦਫ਼ਨਾਇਆ ਗਿਆ ਜਾਂ ਨਹੀਂ।

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸਾਲ 1947 ਦੀ ਭਾਰਤ–ਪਾਕਿਸਤਾਨ ਵੰਡ ਭਾਰਤੀ ਉਪ ਮਹਾਦੀਪ ਦੇ ਇਤਿਹਾਸ ਦੀ ਉਹ ਕਾਲੀ ਸੱਚਾਈ ਹੈ, ਜਿਸਦਾ ਦਰਦ ਅੱਜ ਵੀ ਲੱਖਾਂ ਪਰਿਵਾਰਾਂ ਦੇ ਦਿਲਾਂ ’ਚ ਜ਼ਿੰਦਾ ਹੈ। ਇਸ ਵੰਡ ਨੇ ਅਨੇਕਾਂ ਲੋਕਾਂ ਤੋਂ ਉਨ੍ਹਾਂ ਦੇ ਘਰ, ਪਰਿਵਾਰ, ਜ਼ਮੀਨਾਂ ਹੀ ਨਹੀਂ, ਸਗੋਂ ਆਪਣੇ ਸੱਜਣ-ਸਬੰਧੀ ਵੀ ਸਦਾ ਲਈ ਖੋਹ ਲਏ। ਭਾਵੇਂ ਸਮਾਂ ਬੀਤ ਗਿਆ, ਪਰ ਉਹ ਜ਼ਖ਼ਮ ਅੱਜ ਵੀ ਨਹੀਂ ਭਰ ਸਕੇ। ਇਸੇ ਦਰਦ ਦੀ ਜਿਉਂਦੀ-ਜਾਗਦੀ ਮਿਸਾਲ ਹਨ ਪਿੰਡ ਡਡਵਿੰਡੀ (ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ) ਤੋਂ 1947 ਵਿਚ ਉੱਜੜ ਕੇ ਹੁਣ ਪਾਕਿਸਤਾਨ ਦੇ ਪਿੰਡ ਚੱਕ ਸ਼ਫੀ ਵਿਚ ਵਸੇ ਚੌਧਰੀ ਇਸ਼ਤੇਦਾਦ ਅਹਿਮਦ ਗੁੱਜਰ, ਜਿਨ੍ਹਾਂ ਨੇ ਇਕ ਯੂ-ਟਿਊਬ ਚੈਨਲ ‘ਦੇਸੀ ਇਨਫੋਟੇਨਰ’ ਨਾਲ ਗੱਲਬਾਤ ਦੌਰਾਨ ਆਪਣੀ ਜ਼ਿੰਦਗੀ ਦੀ ਸਭ ਤੋਂ ਦਰਦਨਾਕ ਕਹਾਣੀ ਸਾਂਝੀ ਕੀਤੀ ਹੈ।
ਚੌਧਰੀ ਇਸ਼ਤੇਦਾਦ ਅਹਿਮਦ ਨੇ ਦੱਸਿਆ ਕਿ ਵੰਡ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 10–11 ਸਾਲ ਸੀ। ਉਹ ਪਿੰਡ ਡਡਵਿੰਡੀ ਵਿਖੇ ਰਹਿੰਦੇ ਸਨ ਅਤੇ ਨੇੜਲੇ ਪਿੰਡ ਮੁਹੱਬਲੀਪੁਰ ਦੇ ਸਕੂਲ ਵਿਚ ਚੌਥੀ ਜਮਾਤ ਦੀ ਪੜ੍ਹਾਈ ਕਰ ਰਹੇ ਸਨ। ਉਸ ਸਮੇਂ ਉਹ ਘੋੜੀ ‘ਤੇ ਬੈਠ ਕੇ ਸਕੂਲ ਜਾਂਦੇ ਸਨ, ਜੋ ਉਨ੍ਹਾਂ ਨੂੰ ਛੱਡ ਕੇ ਆਪਣੇ-ਆਪ ਘਰ ਵਾਪਸ ਆ ਜਾਂਦੀ ਸੀ। ਉਸ ਦੌਰ ਵਿਚ ਗੁੱਜਰ ਸਮਾਜ ਵਿਚ ਪੜ੍ਹਾਈ ਦਾ ਕਾਫ਼ੀ ਰੁਝਾਨ ਸੀ। ਉਨ੍ਹਾਂ ਦੱਸਿਆ ਕਿ 1947 ਤੋਂ ਪਹਿਲਾਂ ਪਿੰਡ ਡਡਵਿੰਡੀ ਵਿਚ ਗੁੱਜਰਾਂ ਦੇ ਲਗਭਗ 18–19 ਘਰ, ਹਿੰਦੂਆਂ ਦੇ 15–16 ਘਰ ਅਤੇ ਥੋੜੇ ਸਿੱਖ ਪਰਿਵਾਰ ਵੱਸਦੇ ਸਨ। ਪਿੰਡ ਵਿਚ ਤਿੰਨ ਨੰਬਰਦਾਰ ਹੁੰਦੇ ਸਨ, ਜਿਨ੍ਹਾਂ ਵਿਚੋਂ ਦੋ ਗੁੱਜਰ ਭਾਈਚਾਰੇ ਨਾਲ ਸਬੰਧਤ ਸਨ। ਸਿੱਖ, ਹਿੰਦੂ ਅਤੇ ਮੁਸਲਮਾਨ ਆਪਸ ਵਿਚ ਬਹੁਤ ਪਿਆਰ, ਸਾਂਝ ਅਤੇ ਭਰਾਤਰੀ ਭਾਵ ਨਾਲ ਰਹਿੰਦੇ ਸਨ। ਵਿਆਹ-ਸ਼ਾਦੀਆਂ ਤੇ ਦੁੱਖ-ਸੁੱਖ ਵਿਚ ਸਾਰੇ ਇਕ-ਦੂਜੇ ਦੇ ਨਾਲ ਖੜ੍ਹੇ ਰਹਿੰਦੇ। ਚੌਧਰੀ ਇਸ਼ਤੇਦਾਦ ਅਹਿਮਦ ਨੇ ਦੱਸਿਆ ਕਿ ਦੇਸ਼ ਦੀ ਵੰਡ ਬਾਰੇ ਉਨ੍ਹਾਂ ਨੂੰ ਸਿਰਫ਼ ਤਿੰਨ ਦਿਨ ਪਹਿਲਾਂ ਹੀ ਪਤਾ ਲੱਗਿਆ। ਉਹ ਪਾਕਿਸਤਾਨ ਜਾਣ ਲਈ ਤਿਆਰ ਨਹੀਂ ਸਨ ਅਤੇ ਦੋ ਦਿਨ ਤੱਕ ਆਪਣੇ ਚਾਚੇ ਦੇ ਖੂਹ ‘ਤੇ ਲੁਕ ਕੇ ਰਹੇ, ਪਰ ਆਖ਼ਰਕਾਰ ਬਾਪ ਗੁਲਾਮ ਮੁਹੰਮਦ ਦੀ ਮਜਬੂਰੀ ਦੇ ਕਾਰਨ ਕਾਫ਼ਲੇ ਨਾਲ ਜਾਣਾ ਪਿਆ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਨੇੜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਅਚਾਨਕ ਗੋਲੀ ਚੱਲੀ, ਜਿਸ ਨਾਲ ਕਾਫ਼ਲੇ ਵਿਚ ਹੜਕੰਪ ਮਚ ਗਿਆ ਅਤੇ ਉਹ ਆਪਣੇ ਪਰਿਵਾਰ ਤੋਂ ਵਿਛੜ ਗਏ। ਕਈ ਦਿਨਾਂ ਦੀ ਭਟਕਣਾ ਤੋਂ ਬਾਅਦ ਉਹ ਕਪੂਰਥਲਾ ਪਹੁੰਚੇ, ਜਿਥੇ ਵੱਡੇ ਕਾਫ਼ਲੇ ’ਤੇ ਹਮਲਾ ਹੋਇਆ। ਜਾਨ ਬਚਾਉਂਦੇ ਹੋਏ ਉਹ ਵਾਘਾ ਬਾਰਡਰ ਲੰਘ ਕੇ ਪਾਕਿਸਤਾਨ ਪਹੁੰਚੇ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਦਮਾ ਉਸ ਵੇਲੇ ਲੱਗਾ ਜਦੋਂ ਉਨ੍ਹਾਂ ਦੇ ਬਾਪ ਗੁਲਾਮ ਮੁਹੰਮਦ ਚੀਚਾ ਵਤਨੀ ਸਟੇਸ਼ਨ ‘ਤੇ ਬੀਮਾਰ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਅਫ਼ਰਾਤਫ਼ਰੀ ਦੇ ਦੌਰ ਵਿਚ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਦਫ਼ਨਾਇਆ ਗਿਆ ਜਾਂ ਨਹੀਂ। ਇਸ ਤਰ੍ਹਾਂ 1947 ਦੀ ਵੰਡ ਨੇ ਚੌਧਰੀ ਇਸ਼ਤੇਦਾਦ ਅਹਿਮਦ ਤੋਂ ਉਨ੍ਹਾਂ ਦਾ ਬਾਪ ਸਦਾ ਲਈ ਖੋਹ ਲਿਆ। ਅੱਜ ਚੌਧਰੀ ਇਸ਼ਤੇਦਾਦ ਅਹਿਮਦ ਗੁੱਜਰ ਪਾਕਿਸਤਾਨ ਦੇ ਮੀਆਂ ਚਨੂੰ ਇਲਾਕੇ ਵਿਚ ਵੱਸਦੇ ਹਨ ਪਰ ਉਨ੍ਹਾਂ ਦਾ ਦਿਲ ਅੱਜ ਵੀ ਆਪਣੇ ਜਨਮ ਪਿੰਡ ਡਡਵਿੰਡੀ ਲਈ ਧੜਕਦਾ ਹੈ। ਉਹ ਆਖਦੇ ਹਨ, ਕਿ “ਮੇਰੀ ਖ਼ਾਹਿਸ਼ ਹੈ ਕਿ ਮਰਨ ਤੋਂ ਪਹਿਲਾਂ ਇਕ ਵਾਰ ਆਪਣੇ ਪਿੰਡ ਡਡਵਿੰਡੀ ਦੀ ਮਿੱਟੀ ਨੂੰ ਵੇਖ ਸਕਾਂ, ਪਰ ਪਤਾ ਨਹੀਂ ਸਰਕਾਰਾਂ ਕਦੇ ਇਹ ਰੀਝ ਪੂਰੀ ਕਰਨਗੀਆਂ ਵੀ ਜਾਂ ਨਹੀਂ।” 1947 ਦੀ ਵੰਡ ਦੇ ਇਹ ਜ਼ਖ਼ਮ ਅੱਜ ਵੀ ਅਨੇਕਾਂ ਦਿਲਾਂ ‘ਚ ਹਰੇ ਹਨ, ਜੋ ਸਾਨੂੰ ਇਹ ਸਿਖਾਉਂਦੇ ਹਨ ਕਿ ਨਫ਼ਰਤਾਂ ਅਤੇ ਸਰਹੱਦਾਂ ਨੇ ਇਨਸਾਨੀਅਤ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾਇਆ ਹੈ।